Punjab

'ਅਕਾਲੀ-ਭਾਜਪਾ ਸਰਕਾਰ ਦੀ ਤਰ੍ਹਾਂ ਕਾਂਗਰਸ ਰਾਜ ਵਿੱਚ ਵੀ ਸਰੇਆਮ ਵਿਕ ਰਹੀ ਨਜਾਇਜ਼ ਸ਼ਰਾਬ'


Updated On: 2020-08-03 09:50:16 'ਅਕਾਲੀ-ਭਾਜਪਾ ਸਰਕਾਰ ਦੀ ਤਰ੍ਹਾਂ ਕਾਂਗਰਸ ਰਾਜ ਵਿੱਚ ਵੀ ਸਰੇਆਮ ਵਿਕ ਰਹੀ ਨਜਾਇਜ਼ ਸ਼ਰਾਬ'

ਸੂਬੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਹੋਈਆਂ ਮੌਤਾਂ 'ਤੇ ਪ੍ਰਤੀਕਰਮ ਦਿੰਦਿਆਂ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਨੇ ਕਿਹਾ ਕਿ ਜਲੰਧਰ ਦੇਹਾਤੀ ਤੇ ਸ਼ਹਿਰੀ ਖੇਤਰਾਂ ਵਿੱਚ ਵੀ ਅਜਿਹੀ ਸਥਿਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਵੀ ਆਮ ਤੌਰ 'ਤੇ ਬਿਨ੍ਹਾਂ ਕਿਸੇ ਰੋਕ ਟੋਕ ਦੇ ਨਜਾਇਜ਼ ਜ਼ਹਿਰੀਲੀ ਸ਼ਰਾਬ ਸ਼ਰੇਆਮ ਵਿਕਦੀ ਹੈ। ਇਸ ਕਰਕੇ ਮੌਤਾਂ ਹੁੰਦੀਆਂ ਆ ਰਹੀਆਂ ਹਨ ਤੇ ਇਹ ਕਦੇ ਕਿਸੇ ਨੋਟਿਸ ਵਿੱਚ ਨਹੀਂ ਆਈਆਂ।

ਬਸਪਾ ਆਗੂ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਦੇ ਕਾਰਨ ਮੌਤਾਂ ਹੋਣ ਤੋਂ ਬਾਅਦ ਜਲੰਧਰ ਵਿੱਚ ਵੀ ਪੁਲਿਸ ਵਲੋਂ ਸ਼ਰਾਬ ਵੇਚਣ ਵਾਲਿਆਂ ਖਿਲਾਫ ਛਾਪੇਮਾਰੀ ਕੀਤੀ ਗਈ, ਪਰ ਇਸ ਤੋਂ ਪਹਿਲਾਂ ਸੱਤ੍ਹਾਧਾਰੀ ਧਿਰ ਦੇ ਲੋਕਾਂ ਤੇ ਪੁਲਿਸ ਦੀ ਸਰਪ੍ਰਸਤੀ ਹੇਠ ਇਹ ਕੰਮ ਪਿੰਡ-ਪਿੰਡ ਤੇ ਸ਼ਹਿਰਾਂ ਵਿੱਚ ਮੁਹੱਲੇ-ਮੁਹੱਲੇ ਚੱਲਦਾ ਰਿਹਾ ਹੈ। ਬਸਪਾ ਆਗੂ ਨੇ ਕਿਹਾ ਕਿ ਇਸ ਧੰਦੇ ਨੂੰ ਸੱਤ੍ਹਾਧਾਰੀ ਕਾਂਗਰਸੀ ਧਿਰ ਦੇ ਬੰਦਿਆਂ ਤੇ ਪੁਲਿਸ ਪ੍ਰਸ਼ਾਸਨ ਦੀ ਇਸ ਕਦਰ ਸਰਪ੍ਰਸਤੀ ਹਾਸਿਲ ਹੈ ਕਿ ਕੋਰੋਨਾ ਕਰਕੇ ਲੱਗੇ ਕਰਫਿਊ ਦੌਰਾਨ ਵੀ ਨਜਾਇਜ਼ ਸ਼ਰਾਬ ਦੀ ਸਪਲਾਈ ਬੰਦ ਨਹੀਂ ਹੋਈ, ਸਗੋਂ ਵੱਡੀ ਗਿਣਤੀ ਵਿੱਚ ਲੋਕ ਇਸ ਧੰਦੇ ਵਿੱਚ ਲੱਗ ਗਏ ਸਨ।

ਪੁਲਿਸ ਕੋਰੋਨਾ ਕਰਕੇ ਲੱਗੇ ਕਰਫਿਊ ਵਿੱਚ ਆਮ ਲੋਕਾਂ ਦੇ ਚਾਲਾਨ ਕੱਟਦੀ ਰਹੀ, ਪਰਚੇ ਕਰਦੀ ਰਹੀ, ਪਰ ਨਜਾਇਜ਼ ਵਿਕਣ ਵਾਲੀ ਸ਼ਰਾਬ 'ਤੇ ਕਦੇ ਰੋਕ ਨਹੀਂ ਲੱਗੀ। ਉਨ੍ਹਾਂ ਕਿਹਾ ਕਿ ਇਸ ਸ਼ਰਾਬ ਦੀ ਕਦੇ ਕੁਆਲਿਟੀ ਵੀ ਚੈਕ ਨਹੀਂ ਕੀਤੀ ਗਈ। ਦੂਜੇ ਪਾਸੇ ਇਸਨੂੰ ਪੀਣ ਵਾਲੇ ਇੱਕ-ਇਕ ਕਰਕੇ ਛੋਟੀ ਉਮਰ ਵਿੱਚ ਹੀ ਮਰਦੇ ਰਹੇ ਹਨ, ਜੋ ਕਿ ਕਦੇ ਨੋਟਿਸ ਵਿੱਚ ਨਹੀਂ ਆਏ, ਪਰ ਹੁਣ ਇਕਦਮ ਇੰਨੀਆਂ ਮੌਤਾਂ ਹੋਣ ਕਰਕੇ ਇਸ ਵੱਲ ਧਿਆਨ ਗਿਆ ਹੈ।

ਬਸਪਾ ਆਗੂ ਨੇ ਕਿਹਾ ਕਿ ਪਿੰਡ-ਪਿੰਡ ਵਿਕਣ ਵਾਲੀ ਨਜਾਇਜ਼ ਸ਼ਰਾਬ ਤੋਂ ਪਰੇਸ਼ਾਨ ਲੋਕ ਇਸਨੂੰ ਰੋਕਣ ਦੇ ਲਈ ਸ਼ਿਕਾਇਤਾਂ ਵੀ ਦਿੰਦੇ ਆ ਰਹੇ ਹਨ, ਪਰ ਕਦੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਗਈ। ਲੋਕ ਦਿਖਾਵੇ ਦੇ ਲਈ ਪੁਲਿਸ ਕਈ ਵਾਰ ਛੋਟੇ ਤਸਕਰਾਂ ਖਿਲਾਫ ਕਾਰਵਾਈ ਕਰਦੀ ਰਹੀ ਹੈ, ਪਰ ਇਹ ਕੰਮ ਕਦੇ ਰੁਕਿਆ ਨਹੀਂ।

ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੀ ਤਰ੍ਹਾਂ ਹੀ ਕਾਂਗਰਸ ਸਰਕਾਰ ਵਿੱਚ ਵੀ ਨਸ਼ੇ ਦਾ ਕੰਮ ਰੁਕਿਆ ਨਹੀਂ, ਬਲਕਿ ਪਹਿਲਾਂ ਨਾਲੋਂ ਵਧਿਆ ਹੈ। ਇਸ ਕਾਰਨ ਪਿੰਡਾਂ-ਸ਼ਹਿਰਾਂ ਵਿੱਚ ਰਹਿੰਦੇ ਆਮ ਲੋਕਾਂ ਦੀ ਬਰਬਾਦੀ ਹੋ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਬਸਪਾ ਆਵਾਜ਼ ਬੁਲੰਦ ਕਰੇਗੀ ਤੇ ਕਾਂਗਰਸ ਸਰਕਾਰ ਖਿਲਾਫ ਪ੍ਰਦਰਸ਼ਨ ਕਰੇਗੀ।

Comments

Leave a Reply


Advertisement