ਕੋਰੋਨਾ ਵਾਇਰਸ ਦੀ ਵੈਕਸੀਨ ਲੱਗਣ ਦੇ 9 ਦਿਨ ਬਾਅਦ ਮਜ਼ਦੂਰ ਦੀ ਸ਼ੱਕੀ ਹਾਲਾਤ ’ਚ ਮੌਤ
Updated On: 2021-01-11 03:44:38
ਮੱਧ ਪ੍ਰਦੇਸ਼ ਦੇ ਭੋਪਾਲ ’ਚ ਕੋਰੋਨਾ ਵਾਇਰਸ ਦਾ ਟੀਕਾ ‘ਕੋਵੈਕਸੀਨ’ ਲਗਾਏ ਜਾਣ ਤੋਂ ਬਾਅਦ ਇੱਕ ਮਜ਼ਦੂਰ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਦ ਵਾਇਰ ਦੀ ਇੱਕ ਖਬਰ ਮੁਤਾਬਕ ਇਹ ਟੀਕਾ ਭੋਪਾਲ ਦੇ ਪੀਪੂਲਸ ਮੈਡੀਕਲ ਕਾਲਜ ’ਚ 45 ਸਾਲ ਦੇ ਇੱਕ ਮਜ਼ਦੂਰ ਨੂੰ ਲਗਾਇਆ ਗਿਆ ਸੀ। ਮਿ੍ਰਤਕ ਦੀ ਪਹਿਚਾਣ ਦੀਪਕ ਦੇ ਰੂਪ ’ਚ ਹੋਈ।
ਕੋਵੈਕਸੀਨ ਭਾਰਤ ਬਾਇਓਟੇਕ ਤੇ ਆਈਸੀਐਮਆਰ ਵੱਲੋਂ ਬਣਾਈ ਗਈ ਕੋਰੋਨਾ ਵੈਕਸੀਨ ਹੈ, ਜਿਸਦਾ ਫਾਈਨਲ ਟ੍ਰਾਇਲ ਬੀਤੇ 7 ਜਨਵਰੀ ਨੂੰ ਪੂਰਾ ਹੋਇਆ ਹੈ।
ਦੈਨਿਕ ਭਾਸਕਰ ਦੀ ਰਿਪੋਰਟ ਮੁਤਾਬਕ ਮਜ਼ਦੂਰ ਦੀਪਕ ਭੋਪਾਲ ਦੇ ਟੀਲਾ ਜਮਾਲਪੁਰਾ ਵਿਖੇ ਸੂਬੇਦਾਰ ਕਲੋਨੀ ’ਚ ਆਪਣੇ ਘਰ ’ਚ ਮਰਿਆ ਪਾਇਆ ਗਿਆ ਸੀ। ਅਗਲੇ ਦਿਨ ਉਸ ਦੀ ਲਾਸ਼ ਦਾ ਪੋਸਟਮਾਰਟਮ ਹੋਇਆ ਸੀ ਅਤੇ ਮੁੱਢਲੀ ਰਿਪੋਰਟ ’ਚ ਉਸ ਦੇ ਸਰੀਰ ’ਚ ਜ਼ਹਿਰ ਮਿਲਣ ਦਾ ਖੁਲਾਸਾ ਹੋਇਆ।
ਬੀਤੇ 8 ਜਨਵਰੀ ਨੂੰ ਦੀਪਕ ਦੇ 18 ਸਾਲ ਦੇ ਬੇਟੇ ਆਕਾਸ਼ ਮਰਾਵੀ ਨੇ ਉਸ ਦੀ ਮੌਤ ਦੀ ਜਾਣਕਾਰੀ ਦਿੱਤੀ। ਹਾਲਾਂਕਿ ਮੌਤ ਕੋਵੈਕਸੀਨ ਦਾ ਟੀਕਾ ਲਗਵਾਉਣ ਨਾਲ ਹੋਈ ਜਾਂ ਕਿਸੇ ਹੋਰ ਕਾਰਨ ਕਰਕੇ, ਇਸ ਬਾਰੇ ਸਥਿਤੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਸਾਫ ਹੋਵੇਗੀ।
ਪੀਪੁਲਸ ਮੈਡੀਕਲ ਕਾਲਜ ਦੇ ਡੀਨ ਡਾ. ਅਨਿਲ ਦੀਕਸ਼ਿਤ ਨੇ ਕਿਹਾ, ‘‘ਇਹ ਮਾਮਲਾ ਸਾਡੇ ਧਿਆਨ ’ਚ ਆਇਆ ਸੀ ਕਿ ਦੀਪਕ ਦੀ ਮੌਤ ਹੋਈ ਹੈ। ਹਾਲਾਂਕਿ ਮੌਤ ਟੀਕੇ ਦੇ ਮਾੜੇ ਪ੍ਰਭਾਵ ਨਾਲ ਨਹੀਂ, ਸਗੋਂ ਹੋਰ ਕਾਰਨਾਂ ਕਰਕੇ ਹੋਈ ਹੈ।’’
ਦੂਜੇ ਪਾਸੇ ਦੀਪਕ ਦੀ ਪਤਨੀ ਵੈਜੰਤੀ ਮਰਾਵੀ ਨੇ ਐਨਡੀਟੀਵੀ ਨੂੰ ਦੱਸਿਆ, ‘‘ਦੀਪਕ ਇਨਜੈਕਸ਼ਨ ਲਗਵਾ ਕੇ ਆਏ ਸਨ, 7 ਦਿਨ ਤੱਕ ਠੀਕ ਸਨ, ਭੋਜਨ ਖਾ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਚੱਕਰ ਆਉਣ ਲੱਗੇ। ਉਨ੍ਹਾਂ ਦੀ ਮੌਤ ਵੈਕਸੀਨ ਨਾਲ ਹੋਈ ਹੈ।’’
Leave a Reply