ਖੇਤੀ ਕਾਨੂੰਨਾਂ ਤੇ ਲੋਕਹਿੱਤ ਦੇ ਹੋਰ ਮੁੱਦਿਆਂ ਨੂੰ ਲੈ ਕੇ ਬਸਪਾ ਨੇ ਰਾਸ਼ਟਰਪਤੀ ਦੇ ਭਾਸ਼ਣ ਦਾ ਕੀਤਾ ਬਾਈਕਾਟ
Updated On: 2021-01-29 03:41:46
ਬਹੁਜਨ ਸਮਾਜ ਪਾਰਟੀ (ਬਸਪਾ) ਨੇ ਇੱਕ ਵਾਰ ਫਿਰ ਕਿਸਾਨਾਂ ਤੇ ਲੋਕਹਿੱਤ ਦੇ ਹੋਰ ਮੁੱਦਿਆਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਬਸਪਾ ਦੇ ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਖੇਤੀ ਕਾਨੂੰਨਾਂ ਤੇ ਲੋਕਾਂ ਨਾਲ ਜੁੜੇ ਹੋਰ ਮੁੱਦਿਆਂ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਦੇ ਵਤੀਰੇ ’ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਅੱਜ ਤੋਂ ਸ਼ੁਰੂ ਹੋਏ ਸੰਸਦ ਦੇ ਬਜਟ ਦੇ ਇਜਲਾਸ ’ਚ ਰਾਸ਼ਟਰਪਤੀ ਦੇ ਦੋਵੇਂ ਸਦਨਾਂ ਨੂੰ ਸਾਂਝੇ ਤੌਰ ’ਤੇ ਕੀਤੇ ਜਾਣ ਵਾਲੇ ਸੰਬੋਧਨ ਦਾ ਬਾਈਕਾਟ ਕੀਤਾ ਹੈ।
ਇਸ ਸਬੰਧ ’ਚ ਮੀਡੀਆ ਨੂੰ ਜਾਰੀ ਬਿਆਨ ’ਚ ਬਸਪਾ ਦੇ ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਕਿਹਾ ਕਿ ਤਿੰਨੋ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਨਾ ਮੰਨਣ ਅਤੇ ਲੋਕਹਿੱਤ ਆਦਿ ਦੇ ਮਾਮਲਿਆਂ ’ਚ ਵੀ ਕੇਂਦਰ ਸਰਕਾਰ ਵੱਲੋਂ ਲਗਾਤਾਰ ਕਾਫੀ ਢਿੱਲਮੁੱਲ ਵਤੀਰਾ ਅਪਣਾਉਣ ਦੇ ਵਿਰੋਧ ’ਚ ਬਸਪਾ ਨੇ ਅੱਜ ਰਾਸ਼ਟਰਪਤੀ ਦੇ ਸੰਸਦ ’ਚ ਹੋਣ ਵਾਲੇ ਭਾਸ਼ਣ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ।
ਉਨ੍ਹਾਂ ਇੱਕ ਵਾਰ ਫਿਰ ਆਪਣੀ ਮੰਗ ਦੋਹਰਾਉਂਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ। ਮਾਇਆਵਤੀ ਨੇ ਕਿਹਾ ਕਿ ਗਣਤੰਤਰ ਦਿਵਸ ਦੇ ਦਿਨ ਹੋਏ ਦੰਗੇ ਦੇ ਓਹਲੇ ਨਿਰਦੋਸ਼ ਕਿਸਾਨ ਆਗੂਆਂ ਨੂੰ ਬਲੀ ਦਾ ਬੱਕਰਾ ਨਾ ਬਣਾਇਆ ਜਾਵੇ। ਇਸ ਮਾਮਲੇ ’ਚ ਯੂਪੀ ਦੇ ਬੀਕੇਯੂ ਤੇ ਹੋਰ ਕਿਸਾਨ ਆਗੂਆਂ ਦੇ ਇਤਰਾਜ਼ ’ਚ ਵੀ ਕਾਫੀ ਸੱਚ ਹੈ। ਸਰਕਾਰ ਇਸ ਪਾਸੇ ਧਿਆਨ ਦੇਵੇ।
ਇੱਕ ਹੋਰ ਬਿਆਨ ’ਚ ਕੁਮਾਰੀ ਮਾਇਆਵਤੀ ਨੇ ਕਿਹਾ ਕਿ ਰਾਸ਼ਟਰਪਤੀ ਦਾ ਭਾਸ਼ਣ ਖਾਸ ਤੌਰ ’ਤੇ ਕਿਸਾਨਾਂ ਤੇ ਗਰੀਬਾਂ ਆਦਿ ਲਈ ਬਹੁਤ ਨਿਰਾਸ਼ਾਜਨਕ ਹੈ। ਖੇਤੀ ਦੇ ਖੇਤਰ ’ਚ ਦੇਸ਼ ਨੂੰ ਆਤਮਨਿਰਭਰ ਬਣਾਉਣ ਵਾਲਾ ਕਿਸਾਨ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਅੰਦੋਲਨ ਕਰ ਰਿਹਾ ਹੈ ਤੇ ਸਰਕਾਰੀ ਸ਼ੋਸ਼ਣ ਦਾ ਸ਼ਿਕਾਰ ਹੋ ਰਿਹਾ ਹੈ। ਇਸ ਮਾਮਲੇ ’ਚ ਸਰਕਾਰ ਦਾ ਚੁੱਪ ਰਹਿਣਾ ਕਾਫੀ ਦੁੱਖਦਾਈ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਖੇਤੀ ਕਾਨੂੰਨਾਂ ਦਾ ਬਸਪਾ ਨੇ ਸੰਸਦ ਦੇ ਅੰਦਰ ਤੇ ਬਾਹਰ ਹਮੇਸ਼ਾ ਵਿਰੋਧ ਕੀਤਾ ਹੈ। ਦੇਸ਼ ਦੇ ਗਰੀਬਾਂ, ਦਲਿਤਾਂ, ਪੱਛੜਿਆਂ ਆਦਿ ਵਾਂਗ ਕਿਸਾਨਾਂ ਦੇ ਸ਼ੋਸ਼ਣ ਤੇ ਅਨਿਆਂ ਖਿਲਾਫ ਅਤੇ ਇਨ੍ਹਾਂ ਦੇ ਹੱਕ ਲਈ ਵੀ ਬਸਪਾ ਹਮੇਸ਼ਾ ਆਵਾਜ਼ ਚੁੱਕਦੀ ਰਹੇਗੀ।
Leave a Reply