Latest News

ਕਿਤਾਬਾਂ ਤੋਂ ਦੂਰ ਹੁੰਦੀ ਨਵੀਂ ਪੀੜ੍ਹੀ

ਅੱਜ ਦੇ ਬੱਚਿਆਂ ਦੀ ਕਿਤਾਬਾਂ ਤੋਂ ਦੂਰੀ ਵਧਦੀ ਹੀ ਜਾ ਰਹੀ ਹੈ। ਉਨ੍ਹਾਂ ਕੋਲ ਫੇਸਬੁੱਕ, ਵਾਟਸਐਪ ਅਤੇ ਟਵਿੱਟਰ ਆਦਿ ਉੱਪਰ ਗੁਜਾਰਨ ਲਈ ਤਾਂ ਸਾਰਾ ਦਿਨ ਹੈ, ਪਰ ਕਿਤਾਬ ਪੜ੍ਹਣ ਲਈ ਕੁਝ ਮਿੰਟ ਵੀ ਨਹੀਂ। ਕਿਤਾਬਾਂ ਨਾਲ ਸਾਡੇ ਸ਼ਬਦ ਭੰਡਾਰ ਵਿਚ ਵਾਧਾ ਹੁੰਦਾ ਹੈ। ਜਿਆਦਾਤਰ ਬੱਚਿਆਂ ਨੂੰ ਛੋਟੇ ਹੁੰਦਿਆਂ ਤੋਂ ਹੀ ਕਿਤਾਬਾਂ ਨਾਲ ਮੋਹ ਹੁੰਦਾ ਹੈ। ਇਹੋ ਬੱਚੇ ਵੱਡੇ ਹੋ ਕੇ ਕਿਤਾਬਾਂ ਤੋਂ ਦੂਰ ਹੋ ਜਾਂਦੇ ਹਨ।

ਅਸਲ ਵਿਚ ਅੱਜਕੱਲ ਸਕੂਲਾਂ ਵਿਚ ਬੱਚਿਆਂ ਨੂੰ ਕੰਮ ਹੀ ਇੰਨਾ ਮਿਲਦਾ ਹੈ ਕਿ ਉਨ੍ਹਾਂ ਕੋਲ ਸਕੂਲ ਦੀਆਂ ਕਿਤਾਬਾਂ ਤੋਂ ਇਲਾਵਾ ਕੋਈ ਹੋਰ ਕਿਤਾਬਾਂ ਪੜ੍ਹਣ ਦਾ ਸਮਾਂ ਨਹੀਂ ਬਚਦਾ। ਅਸਲ ਵਿਚ ਸਾਰੇ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਪੜ੍ਹਨ ਵਿਚ ਹੁਸ਼ਿਆਰ ਹੋਵੇ ਤੇ ਚੰਗੇ ਨੰਬਰ ਲਵੇ। ਬੱਚਾ ਸਵੇਰੇ ਛੇਤੀ ਸਕੂਲ ਜਾਂਦਾ ਹੈ। ਸ਼ਾਮ ਨੂੰ ਦੇਰ ਨਾਲ ਘਰ ਆਉਂਦਾ ਹੈ।

ਘਰ ਆਉਣ 'ਤੇ ਉਸ ਨੂੰ ਟਿਊਸ਼ਨ 'ਤੇ ਭੇਜ ਦਿੱਤਾ ਜਾਂਦਾ ਹੈ।।ਅਜਿਹਾ ਵਰਤਾਰਾ ਬੱਚਿਆਂ ਵਿਚ ਪੜ੍ਹਾਈ ਤੋਂ ਅਕੇਵਾਂ ਪੈਦਾ ਕਰਦਾ ਹੈ। ਬੱਚੇ ਕਿਤਾਬਾਂ ਤੋਂ ਦੂਰ ਭੱਜਣ ਲਗਦੇ ਹਨ। ਜਿਹੜੇ ਬੱਚਿਆਂ ਦੀ ਭਾਸ਼ਾ ਪੜ੍ਹਨ ਦੀ ਯੋਗਤਾ ਘੱਟ ਹੁੰਦੀ ਹੈ, ਪੜ੍ਹਨਾ ਉਨ੍ਹਾਂ ਲਈ ਮੁਸੀਬਤ ਵਾਂਗ ਹੁੰਦਾ ਹੈ। ਇੰਟਰਨੈੱਟ ਦੀ ਵਧਦੀ ਵਰਤੋਂ ਨੇ ਵੀ ਕਿਤਾਬਾਂ ਦੇ ਮਹੱਤਵ ਨੂੰ ਬਹੁਤ ਸੱਟ ਮਾਰੀ ਹੈ।

ਬੱਚਿਆਂ ਦੀ ਕਿਤਾਬਾਂ ਪ੍ਰਤੀ ਰੁਚੀ ਘਟਣ ਦਾ ਇਕ ਬਹੁਤ ਵੱਡਾ ਕਾਰਨ ਮਾਪਿਆਂ ਦੀ ਕਿਤਾਬਾਂ ਪੜ੍ਹਨ ਵਿਚ ਰੁਚੀ ਨਾ ਹੋਣਾ ਹੈ। ਅਸਲ ਮਾਪੇ ਹੀ ਕਿਤਾਬਾਂ ਪੜ੍ਹਣ ਵਿਚ ਦਿਲਚਸਪੀ ਨਹੀਂ ਲੈਣਗੇ ਤਾਂ ਬੱਚਿਆਂ ਨੂੰ ਕਿਤਾਬਾਂ ਪੜ੍ਹਣ ਲਈ ਪ੍ਰੇਰਿਤ ਨਹੀਂ ਕਰ ਸਕਦੇ। ਅਨੇਕਾਂ ਮੌਕਿਆਂ 'ਤੇ ਜਦੋਂ ਬੱਚਾ ਕੋਈ ਕਿਤਾਬ ਖਰੀਦਣ ਦੀ ਮੰਗ ਕਰਦਾ ਹੈ ਤਾਂ ਮਾਪੇ ਬੱਚੇ ਨੂੰ ਉਸ ਦੀ ਪਸੰਦੀਦਾ ਕਿਤਾਬ ਦੀ ਥਾਂ ਆਪਣੀ ਮਰਜੀ ਦੀ ਕਿਤਾਬ ਲੈ ਦਿੰਦੇ ਹਨ,ਪਰ ਉਸ ਨੂੰ ਪੜ੍ਹਣ ਵਿਚ ਉਸ ਦੀ ਦਿਲਚਸਪੀ ਨਹੀਂ ਬਣਦੀ।

Comments

Leave a Reply