Social

ਸ਼ਰਮਸਾਰ ਕਰਨ ਵਾਲੀ ਮਾਨਸਿਕਤਾ, ਵਿਗਿਆਪਨਾਂ 'ਚ ਔਰਤਾਂ ਦੇ ਸਰੀਰ ਦੀ ਨੁਮਾਇਸ਼


Updated On: 2020-04-17 08:02:51 ਸ਼ਰਮਸਾਰ ਕਰਨ ਵਾਲੀ ਮਾਨਸਿਕਤਾ, ਵਿਗਿਆਪਨਾਂ 'ਚ ਔਰਤਾਂ ਦੇ ਸਰੀਰ ਦੀ ਨੁਮਾਇਸ਼

ਅੱਜਕੱਲ ਕੰਪਨੀਆਂ ਘਰ ਵਿਚ ਇਸਤੇਮਾਲ ਹੋਣ ਵਾਲੀਆਂ ਆਮ ਚੀਜ਼ਾਂ ਤੋਂ ਲੈ ਕੇ ਵਿਸ਼ੇਸ਼ ਕਿਸਮ ਦੇ ਉਤਪਾਦਾਂ ਤੱਕ ਦਾ ਔਰਤਾਂ ਵਿਗਿਆਪਨ ਰਾਹੀਂ ਪ੍ਰਚਾਰ ਕਰਦੀਆਂ ਹਨ। ਘਰ ਦੇ ਸਾਮਾਨ ਦੀ ਖਰੀਦਾਰੀ ਵਿਚ ਆਮ ਤੌਰ 'ਤੇ ਮਹਿਲਾਵਾਂ ਹੀ ਖਾਸ ਭੂਮਿਕਾਵਾਂ ਨਿਭਾਉਂਦੀਆਂ ਹਨ। ਇਸ ਲਈ ਵਪਾਰ ਦੀ ਕੋਈ ਵੀ ਰਣਨੀਤੀ ਇਨ੍ਹਾਂ ਦੀ ਅਣਦੇਖੀ ਨਹੀਂ ਕਰਦੀ।

ਸੈਂਕੜੇ ਡਿੱਬਾ ਬੰਦ ਵਪਾਰਕ ਉਤਪਾਦ, ਮਸਾਲੇ, ਸਾਬਣ, ਸ਼ੈਂਪੂ, ਭਾਂਡੇ, ਫਿਨਾਈਲ, ਡੀਓ, ਤੇਲ, ਵੱਖ-ਵੱਖ ਤਰ੍ਹਾਂ ਦੇ ਲੋਸ਼ਨ, ਕ੍ਰੀਮ ਆਦਿ ਪੁਰਸ਼ਾਂ ਦੀਆਂ ਰੋਜ਼ਾਨਾ ਦੇ ਇਸਤੇਮਾਲ ਦੀਆਂ ਚੀਜ਼ਾਂ ਦੇ ਵਿਗਿਆਪਨਾਂ ਵਿਚ ਸੋਹਣੀ ਔਰਤ ਦਿਖਾਈ ਦਿੰਦੀ ਹੈ। ਪੁਰਸ਼ਾਂ ਦੇ ਅੰਡਰਵੀਅਰ ਤੱਕ ਦੇ ਵਿਗਿਆਪਨ ਵਿਚ ਔਰਤਾਂ ਨੂੰ ਪੇਸ਼ ਕੀਤਾ ਜਾਂਦਾ ਹੈ। ਪਰਫਿਊਮ ਦੇ ਵਿਗਿਆਪਨਾਂ ਵਿਚ ਤਾਂ ਅੱਧ ਨੰਗੀਆਂ ਔਰਤਾਂ ਪੁਰਸ਼ਾਂ ਦੇ ਨਾਲ ਇਕ ਖਾਸ ਕਿਸਮ ਦੇ ਪੋਜ਼ ਵਿਚ ਪੇਸ਼ ਕੀਤੀਆਂ ਜਾਂਦੀਆਂ ਹਨ। ਇਸਦਾ ਸਿਰਫ ਮਕਸਦ ਹੈ, ਔਰਤਾਂ ਦੇ ਕਾਮੁਕ ਭਾਵ ਤੇ ਦਿਲ ਖਿੱਚਵੇਂ ਅੰਦਾਜ਼ ਰਾਹੀਂ ਪੁਰਸ਼ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਣਾ।

ਇਕ ਨਿਸ਼ਚਿਤ ਬ੍ਰਾਂਡ ਦੇ ਪ੍ਰਚਾਰ ਲਈ ਵਿਸ਼ੇਸ਼ ਤੌਰ 'ਤੇ ਬਣੇ ਵਿਗਿਆਪਨ ਰਾਹੀਂ ਦਰਸ਼ਕਾਂ ਦਾ ਧਿਆਨ ਖਿੱਚਣਾ, ਜਿਸ ਨਾਲ ਉਹ ਛੇਤੀ ਹੀ ਸਬੰਧਤ ਉਤਪਾਦ ਨੂੰ ਖਰੀਦ ਲੈਣ। ਮੋਟਾਪਾ ਘੱਟ ਕਰਨ ਜਾਂ ਫਿਟ ਹੋਣ ਦੇ ਵਿਗਿਆਪਨ ਵਿਚ ਵੀ ਔਰਤਾਂ ਖਿੱਚ ਦਾ ਕੇਂਦਰ ਹੁੰਦੀਆਂ ਹਨ। ਫਿਰ ਬੇਸ਼ੱਕ ਵਿਗਿਆਪਨ ਮਸ਼ੀਨਾਂ ਰਾਹੀਂ ਵਜ਼ਨ ਘੱਟ ਕਰਨ ਦਾ ਹੋਵੇ ਜਾਂ ਰਸ ਅਤੇ ਫਲ ਆਦਿ ਖਾਣ ਦੇ ਤਰੀਕੇ ਦੱਸਣ ਵਾਲਾ ਕਿਉਂ ਨਾ ਹੋਵੇ, ਹਮੇਸ਼ਾ ਔਰਤ ਦਾ ਸਰੀਰ ਹੀ ਨਿਸ਼ਾਨੇ 'ਤੇ ਰਹਿੰਦਾ ਹੈ। ਇਸ ਵਿਚ ਇਕ ਪਾਸੇ ਜ਼ਿਆਦਾ ਵਜ਼ਨ ਵਾਲੀ ਅੱਧ ਨੰਗੀ (ਬਿਕਨੀ ਪਾਈ ਹੋਈ) ਔਰਤ ਪੇਸ਼ ਕੀਤੀ ਜਾਂਦੀ ਹੈ ਤੇ ਦੂਜੇ ਪਾਸੇ ਸਲਿਮ ਅੱਧ ਨੰਗੀ ਔਰਤ।

ਇਕ ਪਾਸੇ ਜ਼ਿਆਦਾ ਵਜ਼ਨ ਵਾਲੀ ਔਰਤ ਦੇ ਭੋਜਨ ਦਾ ਚਾਰਟ ਦਿਖਾਇਆ ਜਾਂਦਾ ਹੈ ਤਾਂ ਦੂਜੇ ਪਾਸੇ ਘੱਟ ਵਜ਼ਨ ਵਾਲੀ ਔਰਤ ਦੇ ਭੋਜਨ ਦਾ। ਇਸ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਘੱਟ ਵਜ਼ਨ ਵਾਲੀ ਔਰਤ ਮਸ਼ੀਨ ਦਾ ਇਸਤੇਮਾਲ ਕਰਨ ਨਾਲ ਕਿੰਨੀ ਸੈਕਸੀ ਤੇ ਸੁੰਦਰ ਹੋ ਗਈ ਹੈ।

ਇੱਥੇ ਸਵਾਲ ਇਹ ਉੱਠਦਾ ਹੈ ਕਿ ਜ਼ਿਆਦਾਤਰ ਵਿਗਿਆਪਨ ਔਰਤ ਦੇ ਸਰੀਰ 'ਤੇ ਹੀ ਫੋਕਸ ਕਿਉਂ ਹੁੰਦੇ ਹਨ? ਕੀ ਔਰਤ ਦਾ ਸਰੀਰ ਵਪਾਰ ਦਾ ਜ਼ਰੂਰੀ ਅੰਗ ਹੈ? ਕੀ ਇਸ ਨਾਲ ਵਿਗਿਆਪਨ ਕੰਪਨੀ ਨੂੰ ਫਾਇਦੇ ਹੁੰਦੇ ਹਨ। ਇਹ ਸਭ ਕਿਸ ਮਾਨਸਿਕਤਾ ਕਰਕੇ ਹੈ? ਔਰਤਾਂ ਪ੍ਰਤੀ ਇਸ ਗਲਤ ਅਤੇ ਚੀਜ਼ ਸਮਝਣ ਵਾਲੀਆਂ ਕੋਸ਼ਿਸ਼ਾਂ ਨੂੰ ਹੱਲਾਸ਼ੇਰੀ ਕਿਉਂ ਅਤੇ ਕਿਨ੍ਹਾਂ ਦੇ ਇਸ਼ਾਰਿਆਂ 'ਤੇ ਮਿਲ ਰਹੀ ਹੈ?

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਵਿਗਿਆਪਨ, ਵਿਗਿਆਪਨ ਕਰਨ ਵਾਲੀ ਸੁੰਦਰ ਔਰਤ ਦੇ ਸਾਮੰਤੀ ਸੰਸਕਾਰ ਵਾਲੇ ਰੂਪ ਨੂੰ ਹੀ ਮਹੱਤਤਾ ਦਿੰਦੇ ਹਨ। ਔਰਤ ਦਾ ਆਧੁਨਿਕ ਰੂਪ ਅਤੇ ਆਜ਼ਾਦ ਵਜੂਦ ਵਿਗਿਆਪਨਾਂ ਵਿਚੋਂ ਲਾਪਤਾ ਹੈ। ਔਰਤ ਦੇ ਸਰੀਰ ਨੂੰ ਕੇਂਦਰ ਵਿਚ ਰੱਖਿਆ ਜਾਣਾ ਇਕ ਤਰ੍ਹਾਂ ਨਾਲ ਉਸਨੂੰ ਸ਼ਿਕਾਰ ਬਣਾਉਣ ਲਈ ਉਕਸਾਉਣ ਵਰਗਾ ਹੈ। ਔਰਤ ਦੇ ਦਿਲ ਵਿਚ ਇਹ ਗੱਲ ਭਰੀ ਜਾਂਦੀ ਹੈ ਕਿ ਜੇਕਰ ਉਹ ਸਲਿਮ ਹੋਵੇਗੀ ਤਾਂ ਪੁਰਸ਼ਾਂ ਨੂੰ ਆਪਣੇ ਵੱਲ ਖਿਚ ਸਕੇਗੀ।

ਇਸ ਤਰ੍ਹਾਂ ਦੇ ਵਿਗਿਆਪਨਾਂ ਨੇ ਔਰਤਾਂ ਨੂੰ ਬੇਇੱਜ਼ਤ ਕਰਨ ਅਤੇ ਚੀਜ਼ ਦੇ ਤੌਰ 'ਤੇ ਪੇਸ਼ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਹੈ। ਮੱਧ ਵਰਗ ਦੀਆਂ ਕੁਝ ਔਰਤਾਂ ਇਨ੍ਹਾਂ ਵਿਗਿਆਪਨਾਂ ਤੋਂ ਪ੍ਰਭਾਵਿਤ ਵੀ ਹੁੰਦੀਆਂ ਹਨ। ਉਹ ਜਾਂ ਤਾਂ ਮਸ਼ੀਨ ਦਾ ਉਪਯੋਗ ਕਰਨ ਲਗਦੀਆਂ ਹਨ ਜਾਂ ਫਿਰ ਡਾਈਟਿੰਗ ਕਰਦੀਆਂ ਹਨ। ਇਸ ਤੋਂ ਸਾਫ ਹੁੰਦਾ ਹੈ ਕਿ ਵਿਗਿਆਪਨ ਸਿਰਫ ਔਰਤ ਦੇ ਸਰੀਰ ਹੀ ਨਹੀਂ, ਸਗੋਂ ਉਸਦੀ ਸੋਚ ਤੇ ਵਿਚਾਰ 'ਤੇ ਵੀ ਹਮਲਾ ਕਰਦਾ ਹੈ। ਉਹ ਤੈਅ ਵਿਚਾਰਾਂ ਨੂੰ ਲੋਕਾਂ ਦੇ ਦਿਮਾਗ ਵਿਚ ਭਰਦਾ ਹੈ ਅਤੇ ਇਸ ਵਿਚ ਖਾਸ ਤੌਰ ਨਾਲ ਔਰਤਾਂ ਨਿਸ਼ਾਨੇ 'ਤੇ ਹੁੰਦੀਆਂ ਹਨ।

ਵਿਗਿਆਪਨ ਔਰਤਾਂ ਦੇ ਉਨ੍ਹਾਂ ਰੂਪਾਂ ਨੂੰ ਪਹਿਲ ਦਿੰਦਾ ਹੈ, ਜਿਹੜੇ ਸਰੀਰ ਦੇ ਪ੍ਰਦਰਸ਼ਨ ਨਾਲ ਸਬੰਧ ਰੱਖਦੇ ਹਨ। ਉਸਦੀ ਅਕਲ ਜਾਂ ਦਿਮਾਗ ਦੇ ਵਿਕਾਸ ਨਾਲ ਨਹੀਂ, ਉਸਦੀ ਪੜ੍ਹਾਈ ਨਾਲ ਨਹੀਂ। ਇਹ ਮਾਨਸਿਕ ਗੁਲਾਮੀ ਦੀ ਨਿਸ਼ਾਨੀ ਹੈ। ਇਹ ਵਿਗਿਆਪਨਾਂ ਦਾ ਔਰਤ ਵਿਰੋਧੀ ਜਾਂ ਪੁਰਸ਼ ਪ੍ਰਭਾਵ ਵਾਲਾ ਵਤੀਰਾ ਹੈ, ਜਿਹੜਾ ਔਰਤ ਦੀਆਂ ਨਿੱਜੀ ਇੱਛਾਵਾਂ 'ਤੇ ਹਮਲਾ ਕਰਦਾ ਹੈ।

ਇਹ ਔਰਤ ਨੂੰ ਬੇਇੱਜ਼ਤ ਕਰਨ ਦੀ ਸਾਜ਼ਿਸ਼ ਹੈ। ਇਸਦੇ ਨਾਲ ਹੀ ਇਹ ਪੂੰਜੀਵਾਦ ਦੀ ਘਟੀਆ ਸੋਚ ਦਾ ਉਦਾਹਰਨ ਵੀ ਹੈ। ਇਹ ਇਕ ਅਜਿਹਾ ਮਨੋਵਿਗਿਆਨ ਹੈ, ਜਿਹੜਾ ਸਾਜ਼ਿਸ਼ ਤਹਿਤ ਔਰਤਾਂ ਦੇ ਮਨਾਂ ਵਿਚ ਗੁਲਾਮੀ ਦੀ ਮਾਨਸਿਕਤਾ ਨੂੰ ਬਣਾਏ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਅੱਜ ਇਸ ਗੱਲ ਦੀ ਸਖਤ ਜ਼ਰੂਰਤ ਹੈ ਕਿ ਔਰਤਾਂ ਆਪਣੇ ਖਿਲਾਫ ਹੋ ਰਹੀ ਇਸ ਸਾਜ਼ਿਸ਼ ਨੂੰ ਸਮਝਣ।

Comments

Leave a Reply


Advertisement