ਕੋਈ ਸਮਾਜ ਉਦੋਂ ਹੀ ਤਰੱਕੀ ਕਰ ਸਕਦਾ ਹੈ, ਜਦੋਂ ਉਹ ਰਾਜ ਸੱਤਾ 'ਤੇ ਕਬਜ਼ਾ ਰੱਖ ਸਕਣ ਯੋਗ ਹੋਵੇ
Updated On: 2021-01-07 12:44:20
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਬਹੁਜਨ ਸਮਾਜ ਦੀ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਉਹ ਉਨ੍ਹਾਂ ਦੇ ਵਿਚਾਰਾਂ 'ਤੇ ਅਮਲ ਕਰੇ ਤੇ ਉਨ੍ਹਾਂ ਨੂੰ ਅੱਗੇ ਵਧਾਏ | ਸਮਾਜ ਦੇ ਜ਼ਿੰਮੇਵਾਰ ਲੋਕਾਂ ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਵੱਲੋਂ 18 ਮਾਰਚ 1956 ਨੂੰ ਆਗਰਾ 'ਚ ਇਤਿਹਾਸਕ ਭਾਸ਼ਣ ਰਾਹੀਂ ਕੀਤੀ ਗਈ ਅਪੀਲ ਧਿਆਨ ਦੇਣ ਯੋਗ ਹੈ | ਪੇਸ਼ ਹੈ ਬਾਬਾ ਸਾਹਿਬ ਦੇ ਇਸ ਭਾਸ਼ਣ ਦੇ ਕੁਝ ਅੰਸ਼:
ਪਿਛਲੇ 30 ਸਾਲਾਂ ਤੋਂ ਤੁਹਾਡੇ ਰਾਜਨੀਤਕ ਅਧਿਕਾਰਾਂ ਲਈ ਮੈਂ ਸੰਘਰਸ਼ ਕਰ ਰਿਹਾ ਹਾਂ | ਮੈਂ ਤੁਹਾਨੂੰ ਸੰਸਦ ਤੇ ਸੂਬਾ ਵਿਧਾਨਸਭਾਵਾਂ ਵਿੱਚ ਸੀਟਾਂ ਦਾ ਰਾਖਵਾਂਕਰਨ ਦਿਵਾਇਆ | ਮੈਂ ਤੁਹਾਡੇ ਬੱਚਿਆਂ ਦੀ ਸਿੱਖਿਆ ਲਈ ਯੋਗ ਵਿਵਸਥਾ ਕਰਵਾਈ | ਅੱਜ, ਅਸੀਂ ਤਰੱਕੀ ਕਰ ਸਕਦੇ ਹਾਂ | ਹੁਣ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਸਿੱਖਿਅਕ, ਆਰਥਿਕ ਤੇ ਸਮਾਜਿਕ ਗੈਰਬਰਾਬਰੀ ਨੂੰ ਦੂਰ ਕਰਨ ਲਈ ਇੱਕਮੁਠ ਹੋ ਕੇ ਸੰਘਰਸ਼ ਨੂੰ ਜਾਰੀ ਰੱਖਿਓ | ਇਸ ਉਦੇਸ਼ ਦੀ ਪ੍ਰਾਪਤੀ ਲਈ ਤੁਹਾਨੂੰ ਹਰ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ ਰਹਿਣਾ ਹੋਵੇਗਾ |
ਸ਼ੋਸ਼ਿਤ ਸਮਾਜ ਦੇ ਨੇਤਾਵਾਂ ਨੂੰ ਸਲਾਹ
ਜੇਕਰ ਕੋਈ ਤੁਹਾਨੂੰ ਆਪਣੇ ਮਹਿਲ ਵਿੱਚ ਬੁਲਾਉਂਦਾ ਹੈ ਤਾਂ ਮਰਜ਼ੀ ਨਾਲ ਜਾਓ, ਪਰ ਆਪਣੀ ਕੁੱਲੀ ਵਿੱਚ ਅੱਗ ਲਗਾ ਕੇ ਨਹੀਂ | ਜੇਕਰ ਉਹ ਰਾਜਾ ਕਿਸੇ ਦਿਨ ਤੁਹਾਡੇ ਨਾਲ ਝਗੜਦਾ ਹੈ ਅਤੇ ਤੁਹਾਨੂੰ ਆਪਣੇ ਮਹਿਲ ਵਿੱਚੋਂ ਬਾਹਰ ਧੱਕਾ ਦੇ ਦਿੰਦਾ ਹੈ, ਉਸ ਸਮੇਂ ਤੁਸੀਂ ਕਿੱਥੇ ਜਾਓਗੇ? ਜੇਕਰ ਤੁਸੀਂ ਆਪਣੇ ਆਪ ਨੂੰ ਵੇਚਣਾ ਚਾਹੁੰਦੇ ਹੋ ਤਾਂ ਵੇਚੋ, ਪਰ ਕਿਸੇ ਵੀ ਹਾਲਤ ਵਿੱਚ ਆਪਣੇ ਸੰਗਠਨ ਨੂੰ ਬਰਬਾਦ ਹੋਣ ਦੀ ਕੀਮਤ 'ਤੇ ਨਹੀਂ | ਮੈਨੂੰ ਦੂਜਿਆਂ ਤੋਂ ਕੋਈ ਖਤਰਾ ਨਹੀਂ ਹੈ, ਪਰ ਮੈਂ ਆਪਣੇ ਲੋਕਾਂ ਤੋਂ ਹੀ ਖਤਰਾ ਮਹਿਸੂਸ ਕਰ ਰਿਹਾ ਹਾਂ |
ਬੇਜ਼ਮੀਨੇ ਮਜ਼ਦੂਰਾਂ ਲਈ ਸੰਦੇਸ਼
ਮੈਂ ਪਿੰਡ ਵਿੱਚ ਰਹਿਣ ਵਾਲੇ ਬੇਜ਼ਮੀਨੇ ਮਜ਼ਦੂਰਾਂ ਲਈ ਕਾਫੀ ਚਿੰਤਾ ਵਿੱਚ ਹਾਂ | ਮੈਂ ਉਨ੍ਹਾਂ ਲਈ ਜ਼ਿਆਦਾ ਕੁਝ ਨਹੀਂ ਕਰ ਸਕਿਆ | ਮੈਂ ਉਨ੍ਹਾਂ ਦੀਆਂ ਦੁੱਖ-ਤਕਲੀਫਾਂ ਦੀ ਅਣਦੇਖੀ ਨਹੀਂ ਕਰ ਪਾ ਰਿਹਾ ਹਾਂ | ਉਨ੍ਹਾਂ ਦੀ ਤਬਾਹੀ ਦਾ ਮੁੱਖ ਕਾਰਨ ਉਨ੍ਹਾਂ ਦਾ ਬੇਜ਼ਮੀਨਾ ਹੋਣਾ ਹੈ | ਇਸ ਲਈ ਉਹ ਅੱਤਿਆਚਾਰ ਅਤੇ ਅਪਮਾਨ ਦੇ ਸ਼ਿਕਾਰ ਹੁੰਦੇ ਰਹਿੰਦੇ ਹਨ ਅਤੇ ਉਹ ਆਪਣਾ ਵਿਕਾਸ ਨਹੀਂ ਕਰ ਪਾਉਂਦੇ | ਮੈਂ ਇਸਦੇ ਲਈ ਸੰਘਰਸ਼ ਕਰਾਂਗਾ | ਜੇਕਰ ਸਰਕਾਰ ਇਸ ਕੰਮ ਵਿੱਚ ਕੋਈ ਰੁਕਾਵਟ ਪੈਦਾ ਕਰਦੀ ਹੈ ਤਾਂ ਮੈਂ ਇਨ੍ਹਾਂ ਲੋਕਾਂ ਦੀ ਅਗਵਾਈ ਕਰਾਂਗਾ ਅਤੇ ਇਨ੍ਹਾਂ ਲਈ ਲੜਾਈ ਲੜਾਂਗਾ, ਪਰ ਕਿਸੇ ਵੀ ਹਾਲਤ ਵਿੱਚ ਬੇਜ਼ਮੀਨੇ ਲੋਕਾਂ ਨੂੰ ਜ਼ਮੀਨ ਦਿਵਾਉਣ ਦੀ ਕੋਸ਼ਿਸ਼ ਕਰਾਂਗਾ |
ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਅਪੀਲ
ਮੇਰੀ ਵਿਦਿਆਰਥੀਆਂ ਨੂੰ ਅਪੀਲ ਹੈ ਕਿ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਕਿਸੇ ਤਰ੍ਹਾਂ ਦੀ ਕਲਰਕੀ ਕਰਨ ਦੀ ਜਗ੍ਹਾ ਉਨ੍ਹਾਂ ਨੂੰ ਆਪਣੇ ਪਿੰਡ ਦੀ ਜਾਂ ਆਲੇ-ਦੁਆਲੇ ਦੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ, ਜਿਸ ਨਾਲ ਅਨਪੜ੍ਹਤਾ ਤੋਂ ਪੈਦਾ ਸ਼ੋਸ਼ਣ ਅਤੇ ਅਨਿਆਂ ਨੂੰ ਰੋਕਿਆ ਜਾ ਸਕੇ | ਤੁਹਾਡਾ ਵਿਕਾਸ ਸਮਾਜ ਦੇ ਵਿਕਾਸ ਨਾਲ ਹੀ ਹੈ |
(ਸਲੈਕਟੇਡ ਆਫ ਡਾ. ਅੰਬੇਡਕਰ (ਲੇਖਕ ਡੀਸੀ ਅਹੀਰ) ਵਿੱਚੋਂ)
Leave a Reply