Punjab

ਲਾਕਡਾਊਨ ਦੌਰਾਨ ਖੋਹ ਹੋਇਆ ਰੁਜ਼ਗਾਰ, ਕਿਸੇ ਨੇ ਨਹਿਰ 'ਚ ਛਾਲ ਮਾਰੀ ਤੇ ਕਿਸੇ ਨੇ ਫਾਹਾ ਲਿਆ


Updated On: 2020-05-27 12:18:34 ਲਾਕਡਾਊਨ ਦੌਰਾਨ ਖੋਹ ਹੋਇਆ ਰੁਜ਼ਗਾਰ, ਕਿਸੇ ਨੇ ਨਹਿਰ 'ਚ ਛਾਲ ਮਾਰੀ ਤੇ ਕਿਸੇ ਨੇ ਫਾਹਾ ਲਿਆ

ਦੇਸ਼ 'ਚ ਕੀਤੇ ਗਏ ਲਾਕਡਾਊਨ ਦੌਰਾਨ ਕਈ ਲੋਕਾਂ ਤੋਂ ਰੁਜ਼ਗਾਰ ਖੋਹ ਹੋ ਗਿਆ। ਇਸ ਕਰਕੇ ਕਈ ਲੋਕਾਂ ਦੇ ਖੁਦਕੁਸ਼ੀ ਕਰਨ ਦੀਆਂ ਖਬਰਾਂ ਵੀ ਆ ਰਹੀਆਂ ਹਨ। ਬੀਤੇ ਕੁਝ ਦਿਨਾਂ 'ਚ ਪੰਜਾਬ 'ਚ 3 ਲੋਕਾਂ ਨੇ ਰੁਜ਼ਗਾਰ ਖੋਹ ਹੋਣ ਦੁੱਖੋਂ ਆਪਣੀ ਜਾਨ ਦੇ ਦਿੱਤੀ।

ਲੁਧਿਆਣਾ ਦੇ ਜੋਧੇਵਾਲ ਦੇ ਨਿਊ ਸੁਭਾਸ਼ ਨਗਰ ਦੇ ਰਹਿਣ ਵਾਲੀ 35 ਸਾਲ ਦੇ ਰਵੀਸ਼ ਕੁਮਾਰ ਨੇ 22 ਮਈ ਨੂੰ ਨਹਿਰ 'ਚ ਛਾਲ ਮਾਰ ਦਿੱਤੀ, ਜਿਸਦੀ 25 ਮਈ ਨੂੰ ਲਾਸ਼ ਬਰਾਮਦ ਹੋਈ। ਖਬਰ ਮੁਤਾਬਕ ਰਵੀਸ਼ ਸਾਹਨੇਵਾਲ ਵਿਖੇ ਇੱਕ ਬੈਂਕ ਸ਼ਾਖਾ 'ਚ ਕੰਮ ਕਰਦਾ ਸੀ। ਉਸਨੇ ਨਹਿਰ 'ਚ ਛਾਲ ਮਾਰਨ ਤੋਂ ਪਹਿਲਾਂ ਬੈਂਕ ਦੇ ਬਾਹਰ ਬੈਠ ਕੇ ਆਪਣੀ ਵੀਡੀਓ ਬਣਾਈ ਤੇ ਖੁਦਕੁਸ਼ੀ ਦੇ ਕਾਰਨਾਂ ਬਾਰੇ ਦੱਸਿਆ।

ਰਵੀਸ਼ ਕੁਮਾਰ ਨੇ ਵੀਡੀਓ 'ਚ ਦੱਸਿਆ ਕਿ ਉਹ ਬੈਂਕ ਦੇ ਗੋਲਡ ਲੋਨ ਵਿਭਾਗ 'ਚ ਕੰਮ ਕਰਦਾ ਸੀ। ਲਾਕਡਾਊਨ ਦੌਰਾਨ ਕੰਮ-ਧੰਦਾ ਨਹੀਂ ਹੋ ਸਕਿਆ। ਇਸ ਤਂ ਬਾਅਦ ਉਹ ਆਪਣੀ ਤਨਖਾਹ ਲੈਣ ਲਈ ਗਿਆ, ਪਰ ਬੈਂਕ ਦੇ ਮੈਨੇਜਰ ਅਤੇ ਕੰਪਨੀ ਦੇ ਆਰਐੱਮ ਨੇ ਦੱਸਿਆ ਕਿ ਉਸਨੂੰ ਨੌਕਰੀ 'ਚੋਂ ਕੱਢ ਦਿੱਤਾ ਗਿਆ ਹੈ। ਉਸਨੂੰ ਨਾ ਬੈਂਕ 'ਚ ਦਾਖਲ ਹੋਣ ਦਿੱਤਾ ਗਿਆ ਅਤੇ ਨਾ ਹੀ ਤਨਖਾਹ ਦਿੱਤੀ ਗਈ। ਪੁਲਸ ਵੱਲੋਂ ਇਸ ਸਬੰਧ 'ਚ ਦੋਵੇਂ ਮੁਲਾਜ਼ਮਾਂ 'ਤੇ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕਰ ਲਿਆ ਗਿਆ ਹੈ।

ਇਸ ਤੋਂ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਬੁੱਢਲਾਡਾ 'ਚ ਲਾਕਡਾਊਨ ਕਰਕੇ ਹੋਈ ਆਰਥਿਕ ਤੰਗੀ ਤੋਂ ਪਰੇਸ਼ਾਨ ਇੱਕ ਦਿਹਾੜੀਦਾਰ ਮਜ਼ਦੂਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਦੱਸਿਆ ਜਾਂਦਾ ਹੈ ਕਿ ਪਿੰਡ ਮੱਲ ਸਿੰਘ ਵਾਲਾ ਦੇ ਗੁਰਦੀਪ ਸਿੰਘ ਨੇ ਆਰਥਿਕ ਤੰਗੀ ਤੇ ਕਰਜ਼ਾ ਨਾ ਮੋੜ ਹੋਣ ਕਾਰਨ ਖੁਦਕੁਸ਼ੀ ਕੀਤੀ।

ਇਸੇ ਤਰ੍ਹਾਂ ਇਸ ਖੇਤਰ ਦੇ ਰਹਿਣ ਵਾਲੀ ਰਣਧੀਰ ਸਿੰਘ ਨੇ ਨਹਿਰ 'ਚ ਛਾਲ ਮਾਰ ਕੇ ਜਾਨ ਦੇ ਦਿੱਤੀ ਸੀ। ਦੱਸਿਆ ਜਾਂਦਾ ਹੈ ਕਿ ਰਣਧੀਰ ਸਿੰਘ ਲਾਕਡਾਊਨ ਦੌਰਾਨ ਆਰਥਿਕ ਪੱਖੋਂ ਟੁੱਟ ਚੁੱਕਾ ਸੀ। ਇਸੇ ਤੋਂ ਪਰੇਸ਼ਾਨ ਹੋ ਕੇ ਉਸਨੇ ਖੁਦਕੁਸ਼ੀ ਦਾ ਰਾਹ ਚੁਣਿਆ।

Comments

Leave a Reply


Advertisement