Punjab

ਜਲੰਧਰ ਜ਼ਿਲ੍ਹੇ 'ਚ 7 ਤੋਂ 11 ਵਜੇ ਤੱਕ ਖੋਲੀਆਂ ਜਾ ਸਕਣਗੀਆਂ ਦੁਕਾਨਾਂ, ਪਰ ਕੁਝ ਸ਼ਰਤਾਂ ਨਾਲ


Updated On: 2020-04-30 15:03:53 ਜਲੰਧਰ ਜ਼ਿਲ੍ਹੇ 'ਚ 7 ਤੋਂ 11 ਵਜੇ ਤੱਕ ਖੋਲੀਆਂ ਜਾ ਸਕਣਗੀਆਂ ਦੁਕਾਨਾਂ, ਪਰ ਕੁਝ ਸ਼ਰਤਾਂ ਨਾਲ

ਪੰਜਾਬ 'ਚ ਸਭ ਤੋਂ ਵੱਧ ਰਿਕਾਰਡ ਕੀਤੇ ਗਏ ਕੋਰੋਨਾ ਮਰੀਜ਼ਾਂ ਵਾਲੇ ਜਲੰਧਰ ਜ਼ਿਲ੍ਹੇ 'ਚ ਕਰਫਿਊ 'ਚ ਕੁਝ ਢਿੱਲ ਦਿੱਤੀ ਗਈ ਹੈ। ਹਾਲਾਂਕਿ ਇਸਦੇ ਨਾਲ ਹੀ ਸ਼ਰਤਾਂ ਵੀ ਲਾਗੂ ਰਹਿਣਗੀਆਂ। ਇਸ ਸਬੰਧ 'ਚ ਜਲੰਧਰ ਦੇ ਡਿਪਟੀ ਕਮਿਸ਼ਨਰ (ਡੀਸੀ) ਨੇ ਮੀਡੀਆ ਨੂੰ ਜਾਰੀ ਬਿਆਨ 'ਚ ਕਿਹਾ ਹੈ ਕਿ ਜਲੰਧਰ ਦੇ ਪੇਂਡੂ ਖੇਤਰਾਂ 'ਚ ਸਵੇਰੇ 7 ਤੋਂ 11 ਵਜੇ ਤੱਕ ਛੋਟੀਆਂ ਦੁਕਾਨਾਂ ਖੋਲੀਆਂ ਜਾ ਸਕਣਗੀਆਂ। ਹਾਲਾਂਕਿ ਪਿੰਡਾਂ 'ਚ ਜੇਕਰ ਕੋਈ ਮਾਲ ਹੈ ਤਾਂ ਉਹ ਨਹੀਂ ਖੁੱਲੇਗਾ। ਸ਼ਹਿਰੀ ਖੇਤਰ 'ਚ ਜਿੰਨੇ ਵੀ ਬਜ਼ਾਰ, ਮਾਰਕੀਟ, ਮਾਲ ਜਾਂ ਵੱਡੇ ਮਲਟੀਪਲੈਕਸ ਹਨ, ਨੂੰ ਖੋਲਣ ਦੀ ਮਨਜ਼ੂਰੀ ਨਹੀਂ ਹੋਵੇਗੀ।

ਸ਼ਹਿਰ ਵਿੱਚ ਛੋਟੀਆਂ ਸਟੈਂਡ ਅਲੋਨ ਦੁਕਾਨਾਂ ਸਵੇਰੇ 7 ਤੋਂ 11 ਵਜੇ ਤੱਕ ਖੋਲੀਆਂ ਜਾ ਸਕਦੀਆਂ ਹਨ। ਸਟੈਂਡ ਅਲੋਨ ਦੁਕਾਨਾਂ ਤੋਂ ਭਾਵ ਉਹ ਦੁਕਾਨਾਂ, ਜੋ ਕਿ ਕਿਸੇ ਬਜ਼ਾਰ 'ਚ ਨਹੀਂ ਹੋਣਗੀਆਂ ਅਤੇ ਕਿਤੇ ਛੋਟੀ ਜਿਹੀ ਕਲੋਨੀ 'ਚ ਹੋਣਗੀਆਂ। ਉਨ੍ਹਾਂ ਦੇ ਸੱਜੇ-ਖੱਬੇ ਕੋਈ ਦੁਕਾਨ ਨਹੀਂ ਹੋਣੀ ਚਾਹੀਦੀ।

ਡੀਸੀ ਨੇ ਕਿਹਾ ਕਿ ਸ਼ਹਿਰ ਦੇ ਕਰੀਬ 26 ਮੁਹੱਲੇ ਤੇ ਦੇਹਾਤੀ ਖੇਤਰ ਦੇ 3 ਪਿੰਡ ਕੰਟੇਨਮੈਂਟ ਖੇਤਰ 'ਚ ਹਨ। ਇੱਥੇ ਕੋਈ ਵੀ ਦੁਕਾਨ ਨਹੀਂ ਖੁੱਲੇਗੀ। ਕੋਈ ਵੀ ਨਾਈ, ਸਲੂਨ, ਬਿਊਟੀ ਪਾਰਲਰ ਦੀ ਦੁਕਾਨ ਨਹੀਂ ਖੁੱਲੇਗੀ।

ਉਨ੍ਹਾਂ ਕਿਹਾ ਕਿ ਈ-ਕਾਮਰਸ ਕੰਪਨੀਆਂ ਨੂੰ ਘਰ-ਘਰ ਸਾਮਾਨ ਸਪਲਾਈ ਕਰਨ ਦੀ ਮਨਜ਼ੂਰੀ ਹੋਵੇਗੀ। ਇਸ ਤੋਂ ਇਲਾਵਾ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਹਰੇਕ ਦੁਕਾਨਦਾਰ ਇਹ ਯਕੀਨੀ ਬਣਾਏਗਾ ਕਿ ਜਦੋਂ ਗਾਹਕ ਉਸਦੀ ਦੁਕਾਨ 'ਤੇ ਸਮਾਨ ਖਰੀਦਣ ਆਉਣ ਤਾਂ ਉਥੇ ਸੋਸ਼ਲ ਡਿਸਟੈਂਸ ਬਣਾਉਣ ਲਈ ਚਿੱਟੇ ਰੰਗ ਦੇ ਗੋਲੇ ਲੱਗੇ ਹੋਣ।

ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਥੋਕ ਦੀਆਂ ਕੈਮਿਸਟ ਦੁਕਾਨਾਂ ਨੂੰ ਖੋਲਣ ਲਈ ਸਵੇਰੇ 8 ਤੋਂ 12 ਤੇ ਪਰਚੂਨ ਦੀਆਂ ਕੈਮਿਸਟ ਦੁਕਾਨਾਂ ਵਾਸਤੇ 12 ਤੋਂ 4 ਵਜੇ ਤੱਕ ਦਾ ਟਾਈਮ ਦਿੱਤਾ ਗਿਆ ਹੈ।

ਡੀਸੀ ਨੇ ਕਿਹਾ ਕਿ ਦੁਕਾਨਾਂ ਤੋਂ ਸਮਾਨ ਖਰੀਦਣ ਲਈ ਲੋਕਾਂ ਨੂੰ ਸਵੇਰੇ 7 ਤੋਂ 11 ਵਜੇ ਤੱਕ ਪੈਦਲ ਜਾਣ ਦੀ ਹੀ ਮਨਜ਼ੂਰੀ ਹੋਵੇਗੀ। ਜੇਕਰ ਕੋਈ ਗੱਡੀ-ਮੋਟਰਸਾਈਕਲ 'ਤੇ ਜਾਵੇਗਾ ਤਾਂ ਉਸਦਾ ਵ੍ਹੀਕਲ ਜਬਤ ਕਰ ਲਿਆ ਜਾਵੇਗਾ। ਉਨ੍ਹਾਂ ਨੇ ਜਲੰਧਰ ਵਾਸੀਆਂ ਨੂੰ ਅਪੀਲ ਕੀਤੀ ਕਿ ਲੋਕ ਜ਼ਰੂਰੀ ਆਦੇਸ਼ ਦੀ ਪਾਲਣਾ ਕਰਨ।

Comments

Leave a Reply


Advertisement