Punjab

ਭਗਵਾਨ ਵਾਲਮੀਕੀ ਆਸ਼ਰਮ ਦੇ ਸੰਤਾਂ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਪ੍ਰਦਰਸ਼ਨ


Updated On: 2020-05-20 14:55:10 ਭਗਵਾਨ ਵਾਲਮੀਕੀ ਆਸ਼ਰਮ ਦੇ ਸੰਤਾਂ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਪ੍ਰਦਰਸ਼ਨ

ਭਗਵਾਨ ਵਾਲਮੀਕੀ ਆਸ਼ਰਮ ਦੇ ਸੰਤਾਂ ਦੀ ਗ੍ਰਿਫਤਾਰੀ ਦੇ ਮਾਮਲੇ 'ਚ 20 ਮਈ ਨੂੰ ਕਰਤਾਰਪੁਰ ਸ਼ਹਿਰ 'ਚ ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ 'ਚ ਬਸਪਾ ਦੇ ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ, ਬਸਪਾ ਆਗੂ ਸ਼ਾਦੀ ਲਾਲ, ਪਰਗਟ ਸੰਧੂ, ਜਸਪਾਲ ਕੁੱਕੂ, ਸ਼ਿੰਦਾ, ਲੱਕੀ ਅਟਵਾਲ ਵੀ ਸ਼ਾਮਲ ਹੋਏ।

ਇਸ ਸਬੰਧ 'ਚ ਮੀਡੀਆ ਨੂੰ ਜਾਰੀ ਬਿਆਨ 'ਚ ਬਲਵੀਰ ਸਿੰਘ ਨੇ ਕਿਹਾ ਕਿ ਭਗਵਾਨ ਵਾਲਮੀਕੀ ਆਸ਼ਰਮ ਦੇ ਮੁੱਖ ਸੇਵਾਦਾਰ ਸੰਤ ਗਿਰਧਾਰੀ ਨਾਥ ਤੇ ਇੱਕ ਸੇਵਾਦਾਰ ਦੀ ਗ੍ਰਿਫਤਾਰੀ ਅਤੇ ਹੋਰਾਂ 'ਤੇ ਮਾਮਲਾ ਦਰਜ ਕੀਤੇ ਜਾਣ ਦੀ ਕਾਰਵਾਈ ਸਿਆਸੀ ਦਬਾਅ ਹੇਠ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਆਸ਼ਰਮ ਦੀ ਜ਼ਮੀਨ 'ਤੇ ਕਬਜ਼ਾ ਕਰਨ ਲਈ ਇਹ ਨਜਾਇਜ਼ ਕਾਰਵਾਈ ਕੀਤੀ ਗਈ ਹੈ।

ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਿਹਾ ਕਿ 18 ਮਈ ਨੂੰ ਦੇਰ ਰਾਤ ਅਤੇ 19 ਮਈ ਨੂੰ ਦਿਨ ਵੇਲੇ ਆਸ਼ਰਮ ਉੱਤੇ ਨਜਾਇਜ਼ ਕਬਜ਼ਾ ਕਰਨ ਆਏ ਸਮਾਜ ਵਿਰੋਧੀ ਲੋਕਾਂ ਨੂੰ ਕਿਸੇ ਵੀ ਕੀਮਤ ਉੱਤੇ ਨਜਾਇਜ਼ ਕਬਜ਼ਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਜੇਕਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਇਸ ਤੋਂ ਨਿਕਲਣ ਵਾਲੇ ਸਿੱਟਿਆਂ ਲਈ ਅੰਮ੍ਰਿਤਸਰ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।

ਉਨ੍ਹਾਂ ਕਿਹਾ ਕਿ ਜਿਸ ਸਮੇਂ ਤੋਂ ਸੰਤ ਪੂਰਨ ਨਾਥ ਜੀ ਵਲੋਂ ਸੰਤ ਗਿਰਧਾਰੀ ਨਾਥ ਨੂੰ ਭਗਵਾਨ ਵਾਲਮੀਕੀ ਤੀਰਥ ਗਿਆਨ ਆਸ਼ਰਮ ਦਾ ਮੁਖੀ ਥਾਪਿਆ ਗਿਆ, ਉਸ ਸਮੇਂ ਤੋਂ ਹੀ ਕੁਝ ਲੋਕਾਂ ਵੱਲੋਂ ਸੰਤ ਗਿਰਧਾਰੀ ਨਾਥ ਨੂੰ ਮੁਖੀ ਮੰਨਣ ਤੋਂ ਇਨਕਾਰੀ ਹੋਣ ਦੇ ਨਾਲ-ਨਾਲ ਉਨ੍ਹਾਂ ਆਸ਼ਰਮ ਉੱਤੇ ਆਪਣਾ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਆਰੰਭੀਆਂ ਹੋਈਆਂ ਹਨ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਉੱਚ ਪੱਧਰੀ ਨਿਰਪੱਖ ਜਾਂਚ ਕੀਤੇ ਜਾਣ ਤੇ ਕੇਸ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਗੁਰਪ੍ਰੀਤ ਸਿੰਘ, ਬਲਵੀਰ ਸਿੰਘ, ਵੀਰ ਕੁਮਾਰ, ਕਸ਼ਮੀਰ ਸਿੰਘ ਆਦਿ ਵੀ ਮੌਜ਼ੂਦ ਸਨ।

Comments

Leave a Reply


Advertisement