Punjab

ਲਾਕਡਾਊਨ 'ਚ ਆਰਥਿਕ ਮੰਦਹਾਲੀ ਦੇ ਸ਼ਿਕਾਰ ਮਾਪੇ ਸਕੂਲ ਫੀਸਾਂ ਦੀ ਵਸੂਲੀ ਤੋਂ ਤੰਗ


Updated On: 2020-07-01 10:35:55 ਲਾਕਡਾਊਨ 'ਚ ਆਰਥਿਕ ਮੰਦਹਾਲੀ ਦੇ ਸ਼ਿਕਾਰ ਮਾਪੇ ਸਕੂਲ ਫੀਸਾਂ ਦੀ ਵਸੂਲੀ ਤੋਂ ਤੰਗ

ਕੋਵਿਡ-19 ਦੇ ਮੱਦੇਨਜ਼ਰ ਕੀਤੇ ਗਏ ਲਾਕਡਾਊਨ ਨੇ ਲੋਕਾਂ ਦੀ ਆਰਥਿਕ ਸਥਿਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਦੌਰਾਨ ਕਈਆਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ ਤੇ ਕਈ ਦਾ ਕੰਮਕਾਜ ਠੱਪ ਜਾਂ ਪ੍ਰਭਾਵਿਤ ਹੋਇਆ ਹੈ। ਇਨ੍ਹਾਂ ਹਾਲਾਤ 'ਚ ਬੱਚਿਆਂ ਦੇ ਮਾਪੇ ਪ੍ਰਾਈਵੇਟ ਸਕੂਲਾਂ ਵੱਲੋਂ ਫੀਸਾਂ ਦੀ ਵਸੂਲੀ ਕੀਤੇ ਜਾਣ ਕਰਕੇ ਪਰੇਸ਼ਾਨ ਹਨ।

ਉਨ੍ਹਾਂ ਦਾ ਤਰਕ ਹੈ ਕਿ ਇੱਕ ਤਾਂ ਬੱਚੇ ਸਕੂਲ ਨਹੀਂ ਜਾ ਰਹੇ, ਉਪਰੋਂ ਪ੍ਰਾਈਵੇਟ ਸਕੂਲਾਂ ਵੱਲੋਂ ਜਿਹੜੀ ਆਨਲਾਈਨ ਸਿੱਖਿਆ ਦਿੱਤੀ ਜਾ ਰਹੀ ਹੈ, ਉਹ ਵੀ ਨਾਂ ਦੀ ਹੀ ਹੈ। ਇਸਦੇ ਬਾਵਜੂਦ ਸਕੂਲਾਂ ਵੱਲੋਂ ਫੀਸਾਂ ਦੀ ਵਸੂਲੀ ਲਈ ਮਾਪਿਆਂ ਨੂੰ ਨੋਟਿਸ ਕੱਢੇ ਜਾ ਰਹੇ ਹਨ।
ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਤਾਂ ਮਾਪਿਆਂ ਦੀਆਂ ਉਮੀਦਾਂ ਨੂੰ ਹੋਰ ਵੀ ਵੱਡਾ ਝਟਕਾ ਲੱਗਾ ਹੈ।

ਬੀਤੇ ਦਿਨੀਂ ਹਾਈਕੋਰਟ ਨੇ ਆਦੇਸ਼ ਜਾਰੀ ਕਰਦੇ ਹੋਏ ਸਕੂਲਾਂ ਨੂੰ ਟਿਊਸ਼ਨ ਫੀਸ ਦੇ ਨਾਲ-ਨਾਲ ਐਡਮਿਸ਼ਨ ਫੀਸ ਲੈਣ ਦੀ ਵੀ ਮਨਜ਼ੂਰੀ ਦੇ ਦਿੱਤੀ। ਕੋਰਟ ਨੇ ਇਹ ਵੀ ਕਿਹਾ ਕਿ ਲਾਕਡਾਊਨ ਦੇ ਸਮੇਂ ਲਈ ਸਕੂਲ ਆਪਣੇ ਸਲਾਨਾ ਚਾਰਜ ਵੀ ਵਸੂਲ ਸਕਦੇ ਹਨ। ਆਨਲਾਈਨ ਨਾ ਪੜ੍ਹਾਉਣ ਵਾਲੇ ਪ੍ਰਾਈਵੇਟ ਸਕੂਲ ਵੀ ਟਿਊਸ਼ਨ ਫੀਸ ਤੇ ਐਡਮਿਸ਼ਨ ਫੀਸ ਲੈ ਸਕਦੇ ਹਨ।

ਹਾਈਕੋਰਟ ਨੇ ਇੱਥੇ ਇਹ ਕਿਹਾ ਕਿ ਜਿਹੜੇ ਮਾਪੇ ਫੀਸ ਦੇਣ 'ਚ ਸਮਰੱਥ ਨਹੀਂ ਹਨ, ਉਹ ਆਪਣੀ ਆਰਥਿਕ ਸਥਿਤੀ ਦੀ ਜਾਣਕਾਰੀ ਦੇ ਕੇ ਸਕੂਲਾਂ ਨੂੰ ਫੀਸ 'ਚ ਕਟੌਤੀ ਜਾਂ ਫੀਸ ਮਾਫੀ ਲਈ ਅਪੀਲ ਕਰ ਸਕਦੇ ਹਨ। ਹਾਲਾਂਕਿ ਇੱਥੇ ਜ਼ਿਕਰਯੋਗ ਇਹ ਹੈ ਕਿ ਫੀਸਾਂ 'ਚ ਕਟੌਤੀ ਕਰਨ ਜਾਂ ਨਾ ਕਰਨ ਦਾ ਫੈਸਲਾ ਸਕੂਲ ਹੀ ਕਰਨਗੇ।

ਖਬਰਾਂ ਮੁਤਾਬਕ ਦਿੱਲੀ, ਪੰਜਾਬ, ਰਾਜਸਥਾਨ ਸਮੇਤ 8 ਸੂਬਿਆਂ ਦੇ ਮਾਪਿਆਂ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਖਲ ਕਰਕੇ ਲਾਕਡਾਊਨ ਦੌਰਾਨ ਪ੍ਰਾਈਵੇਟ ਸਕੂਲਾਂ ਦੀ 3 ਮਹੀਨੇ ਦੀ ਫੀਸ ਮਾਫ ਕਰਨ ਦੀ ਮੰਗ ਕੀਤੀ ਹੈ।

ਪੰਜਾਬ 'ਚ ਪ੍ਰਾਈਵੇਟ ਸਕੂਲਾਂ ਨੂੰ ਫੀਸਾਂ ਦੀ ਵਸੂਲੀ ਸਬੰਧੀ ਛੋਟ ਮਿਲਣ ਤੋਂ ਬਾਅਦ ਬੱਚਿਆਂ ਦੇ ਮਾਪਿਆਂ 'ਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਵੱਲੋਂ ਆਪਣਾ ਗੁੱਸਾ ਪ੍ਰਗਟ ਕੀਤਾ ਜਾ ਚੁੱਕਾ ਹੈ। ਇਸੇ ਸਬੰਧ 'ਚ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗ੍ਰਹਿ ਜ਼ਿਲ੍ਹੇ ਪਟਿਆਲਾ 'ਚ ਮਾਪਿਆਂ ਵੱਲੋਂ ਪ੍ਰਦਰਸ਼ਨ ਵੀ ਕੀਤਾ ਜਾ ਚੁੱਕਾ ਹੈ। ਬੱਚਿਆਂ ਦੇ ਮਾਪੇ ਇਸ ਮਾਮਲੇ ਨੂੰ ਲੈ ਕੇ ਪ੍ਰਾਈਵੇਟ ਸਕੂਲਾਂ ਦੇ ਨਾਲ-ਨਾਲ ਸੂਬੇ ਦੀ ਕਾਂਗਰਸ ਸਰਕਾਰ ਖਿਲਾਫ ਵੀ ਰੋਸ ਦਾ ਪ੍ਰਗਟਾਵਾ ਕਰ ਰਹੇ ਹਨ।

Comments

Leave a Reply


Advertisement