Punjab

ਰੋਟੀ ਲਈ ਜਲੰਧਰ ਤੋਂ ਬਾਅਦ ਲੁਧਿਆਣਾ 'ਚ ਮਜ਼ਦੂਰਾਂ ਦਾ ਪ੍ਰਦਰਸ਼ਨ, ਅਕਾਲੀ ਕੌਂਸਲਰ ਦਾ ਦਫਤਰ ਘੇਰਿਆ


Updated On: 2020-04-28 15:40:01 ਰੋਟੀ ਲਈ ਜਲੰਧਰ ਤੋਂ ਬਾਅਦ ਲੁਧਿਆਣਾ 'ਚ ਮਜ਼ਦੂਰਾਂ ਦਾ ਪ੍ਰਦਰਸ਼ਨ, ਅਕਾਲੀ ਕੌਂਸਲਰ ਦਾ ਦਫਤਰ ਘੇਰਿਆ

ਪੰਜਾਬ 'ਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਹੋਏ ਲਾਕਡਾਊਨ ਕਰਕੇ ਰੁਜ਼ਗਾਰ ਠੱਪ ਹੈ। ਫੈਕਟਰੀਆਂ-ਛੋਟੇ ਉਦਯੋਗ ਬੰਦ ਹੋਣ ਕਾਰਨ ਮਜ਼ਦੂਰਾਂ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਪੰਜਾਬ ਨਾਲ ਸਬੰਧਤ ਮਜ਼ਦੂਰਾਂ ਅੱਗੇ ਤਾਂ ਰੋਜ਼ੀ-ਰੋਟੀ ਦਾ ਸੰਕਟ ਹੈ ਹੀ, ਪ੍ਰਵਾਸੀ ਮਜ਼ਦੂਰਾਂ ਦੀ ਹਾਲਤ ਤਾਂ ਉਨ੍ਹਾਂ ਤੋਂ ਵੀ ਜ਼ਿਆਦਾ ਖਰਾਬ ਹੈ।

ਸਰਕਾਰੀ ਰਾਸ਼ਨ ਜਾਂ ਖਾਣ-ਪੀਣ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਇਨ੍ਹਾਂ ਮਜ਼ਦੂਰਾਂ ਵੱਲੋਂ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਜਲੰਧਰ ਸ਼ਹਿਰ ਦੇ ਫੋਕਲ ਪੁਆਇੰਟ ਇਲਾਕੇ 'ਚ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ 100 ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨੇ ਰਾਸ਼ਨ ਨਾ ਮਿਲਣ ਕਾਰਨ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਰੁਜ਼ਗਾਰ ਬੰਦ ਹੋਣ ਤੇ ਰੋਟੀ ਦਾ ਪ੍ਰਬੰਧ ਨਾ ਹੋਣ ਕਰਕੇ ਉਹ ਭੁੱਖੇ ਮਰ ਜਾਣਗੇ। ਇੱਥੇ ਭੁੱਖੇ ਮਰਨ ਨਾਲੋਂ ਉਹ ਆਪਣੇ ਪਿੰਡ (ਯੂਪੀ-ਬਿਹਾਰ) ਜਾ ਕੇ ਮਰਨਾ ਸਹੀ ਸਮਝਦੇ ਹਨ। ਉਨ੍ਹਾਂ ਇਹ ਮੰਗ ਵੀ ਕੀਤੀ ਕਿ ਜੇ ਰਾਸ਼ਨ ਨਹੀਂ ਦੇਣਾ ਤਾਂ ਉਨ੍ਹਾਂ ਦੇ ਵਾਪਸ ਘਰ ਜਾਣ ਦਾ ਪ੍ਰਬੰਧ ਕੀਤਾ ਜਾਵੇ।

ਹੁਣ ਇਸੇ ਤਰ੍ਹਾਂ ਦਾ ਪ੍ਰਦਰਸ਼ਨ ਲੁਧਿਆਣਾ 'ਚ ਵੀ ਹੋਇਆ ਹੈ। ਮੀਡੀਆ ਰਿਪੋਰਟ ਮੁਤਾਬਕ ਇੱਥੇ ਦੇ ਕਈ ਖੇਤਰਾਂ 'ਚ ਸਰਕਾਰੀ ਮਦਦ ਨਹੀਂ ਮਿਲੀ ਰਹੀ ਹੈ, ਜਿਸ ਕਰਕੇ ਪ੍ਰਵਾਸੀ ਮਜ਼ਦੂਰਾਂ ਦਾ ਹੌਸਲਾ ਜਵਾਬ ਦੇਣ ਲੱਗਾ ਹੈ।

ਇਸੇ ਕਰਕੇ ਲੁਧਿਆਣਾ ਦੇ ਵਾਰਡ 30 ਵਿੱਚ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਨੇ ਅਕਾਲੀ ਕੌਂਸਲਰ ਜਸਪਾਲ ਸਿੰਘ ਗਿਆਸਪੁਰਾ ਦੇ ਦਫਤਰ ਦਾ ਘਿਰਾਓ ਕੀਤਾ। ਇਸ ਦੌਰਾਨ ਮਜ਼ਦੂਰਾਂ ਦੇ ਇਕੱਠ ਨੂੰ ਦੇਖ ਕੇ ਕੌਂਸਲਰ ਨੇ ਉਨ੍ਹਾਂ ਨੂੰ ਸਰੀਰਕ ਦੂਰੀ ਬਣਾਉਣ ਲਈ ਕਿਹਾ। ਇਸ 'ਤੇ ਮਜ਼ਦੂਰਾਂ ਨੇ ਕਿਹਾ-ਸਾਹਿਬ ਹੁਣ ਤਾਂ ਕੋਰੋਨਾ ਤੋਂ ਵੀ ਡਰ ਨਹੀਂ ਲਗ ਰਿਹਾ। ਪਹਿਲਾਂ ਰਾਸ਼ਨ ਦੁਆਓ, ਫਿਰ ਕੋਰੋਨਾ ਤੋਂ ਬਚਾਅ ਦੇ ਤਰੀਕੇ ਦੱਸਣਾ।

ਖਬਰਾਂ ਮੁਤਾਬਕ ਕੁਝ ਦਿਨ ਪਹਿਲਾਂ ਵੀ ਅਕਾਲੀ ਕੌਂਸਲਰ ਗਿਆਪੁਰਾ ਦਾ ਘਿਰਾਓ ਕੀਤਾ ਗਿਆ ਸੀ। ਉਦੋਂ ਕੌਂਸਲਰ ਨੇ ਭਰੋਸਾ ਦਿੱਤਾ ਸੀ ਕਿ ਉਹ ਮੇਅਰ ਬਲਕਾਰ ਸਿੰਘ ਨਾਲ ਬੈਠਕ ਕਰਨ ਜਾ ਰਹੇ ਹਨ, ਉਸ ਤੋਂ ਬਾਅਦ ਰਾਸ਼ਨ ਦੀ ਵਿਵਸਥਾ ਕਰਵਾਈ ਜਾਵੇਗੀ।

ਹਾਲਾਂਕਿ ਇੱਕ ਹਫਤਾ ਬੀਤ ਜਾਣ ਦੇ ਬਾਅਦ ਵੀ ਮਜ਼ਦੂਰਾਂ ਨੂੰ ਰਾਸ਼ਨ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਕੌਂਸਲਰ ਦੇ ਦਫਤਰ ਦਾ ਘਿਰਾਓ ਕਰ ਦਿੱਤਾ। ਕੌਂਸਲਰ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਾਰਡ ਵਿੱਚ ਹਜ਼ਾਰਾਂ ਲੋਕ ਅਜਿਹੇ ਹਨ। ਸਰਕਾਰ ਵੱਲੋਂ ਉਨ੍ਹਾਂ ਨੂੰ ਰਾਹਤ ਨਹੀਂ ਦਿੱਤੀ ਗਈ ਹੈ।

Comments

Leave a Reply


Advertisement