Punjab

'ਭਾਰੀ ਚਲਾਨਾਂ ਦੀ ਜਗ੍ਹਾ ਲੋਕਾਂ ਨੂੰ ਜਾਗਰੂਕ ਕਰਨ 'ਤੇ ਜਿਆਦਾ ਜ਼ੋਰ ਦੇਣ ਦੀ ਲੋੜ'


Updated On: 2020-07-29 01:53:54 'ਭਾਰੀ ਚਲਾਨਾਂ ਦੀ ਜਗ੍ਹਾ ਲੋਕਾਂ ਨੂੰ ਜਾਗਰੂਕ ਕਰਨ 'ਤੇ ਜਿਆਦਾ ਜ਼ੋਰ ਦੇਣ ਦੀ ਲੋੜ'

ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਨੇ ਕਿਹਾ ਹੈ ਕਿ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਕੋਰੋਨਾ ਦੀ ਆੜ ਵਿੱਚ ਆਮ ਲੋਕਾਂ ਨਾਲ ਲੁੱਟ-ਖਸੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਮੱਦੇਨਜ਼ਰ ਲਗਾਏ ਗਏ ਲਾਕਡਾਊਨ ਕਰਕੇ ਆਮ ਲੋਕਾਂ ਦੀ ਆਰਥਿਕ ਹਾਲਤ ਕਾਫੀ ਮਾੜੀ ਹੋ ਗਈ ਹੈ ਤੇ ਹੁਣ ਉਨ੍ਹਾਂ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।

ਜਦੋਂ ਆਮ ਲੋਕ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਦਿਹਾੜੀ ਜਾਂ ਹੋਰ ਕੰਮ ਕਰਨ ਆਉਂਦੇ ਹਨ ਤਾਂ ਪੁਲਸ ਵੱਲੋਂ ਲਗਾਏ ਹੈਵੀ ਨਾਕਿਆਂ 'ਤੇ ਉਨ੍ਹਾਂ ਦੇ ਭਾਰੀ ਚਲਾਨ ਕੱਟੇ ਜਾਂਦੇ ਹਨ, ਜਿਨ੍ਹਾਂ ਚਲਾਨਾਂ ਨੂੰ ਭੁਗਤਣ ਦੀ ਉਨ੍ਹਾਂ ਦੀ ਸਮਰੱਥਾ ਹੀ ਨਹੀਂ ਰਹਿ ਗਈ। ਇਸ ਤਰ੍ਹਾਂ ਕਾਂਗਰਸ ਸਰਕਾਰ ਵੱਲੋਂ ਪੁਲਸ ਰਾਹੀਂ ਆਮ ਲੋਕਾਂ ਦਾ ਆਰਥਿਕ ਪੱਧਰ 'ਤੇ ਉਜਾੜਾ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੀ ਹਾਲਤ ਹੋਰ ਖਰਾਬ ਕੀਤੀ ਜਾ ਰਹੀ ਹੈ।

ਬਸਪਾ ਆਗੂ ਨੇ ਕਿਹਾ ਕਿ ਕਈ ਕੇਸ ਤਾਂ ਅਜਿਹੇ ਸਾਹਮਣੇ ਆਏ ਹਨ ਕਿ ਜੋ ਬੰਦੇ ਰੋਜ਼ਾਨਾ ਆਪਣਾ ਕੰਮ ਕਰਨ ਸ਼ਹਿਰ ਨੂੰ ਆਉਂਦੇ ਹਨ, ਉਹ ਪੂਰੇ ਦਿਨ ਦੀ ਕਮਾਈ ਪੁਲਸ ਨੂੰ ਚਲਾਨ ਦੇ ਰੂਪ ਵਿੱਚ ਦੇ ਆਉਂਦੇ ਹਨ ਤੇ ਇਸ ਤਰ੍ਹਾਂ ਉਨ੍ਹਾਂ ਲਈ ਘਰ ਵਿੱਚ ਰੋਟੀ ਦਾ ਪ੍ਰਬੰਧ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਪੁਲਸ ਵਲੋਂ ਲੋਕਾਂ ਨਾਲ ਨਾਕਿਆਂ 'ਤੇ ਬੁਰਾ ਵਿਵਹਾਰ ਵੀ ਕੀਤਾ ਜਾਂਦਾ ਹੈ।

ਬਲਵਿੰਦਰ ਕੁਮਾਰ ਨੇ ਕਿਹਾ ਕਿ ਕੋਰੋਨਾ ਨੂੰ ਰੋਕਣ ਲਈ ਹੋਰ ਤਰੀਕੇ ਵੀ ਵਰਤੇ ਜਾ ਸਕਦੇ ਹਨ ਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਸਕਦਾ ਹੈ, ਪਰ ਕੋਰੋਨਾ ਦੀ ਆੜ ਵਿੱਚ ਪੁਲਸ ਨੂੰ ਇੱਕ ਤਰ੍ਹਾਂ ਦੇ ਨਾਲ ਆਮ ਲੋਕਾਂ ਨਾਲ ਧੱਕਾ ਕਰਨ ਦੀ ਖੁੱਲ ਦੇ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਲੋਕਾਂ ਦੇ ਨਾਲ ਧੱਕਾ ਕਰਨ ਦੀ ਬਜਾਏ ਲੋਕਾਂ ਨੂੰ ਜਾਗਰੂਕ ਕਰਕੇ ਕੋਰੋਨਾ ਬੀਮਾਰੀ ਦੀ ਰੋਕਥਾਮ ਦੇ ਲਈ ਕੰਮ ਕੀਤਾ ਜਾਣਾ ਚਾਹੀਦਾ ਹੈ।

Comments

Leave a Reply


Advertisement