Punjab

ਮੰਡੀਆਂ 'ਚ ਬਾਰਦਾਨੇ ਤੇ ਲੇਬਰ ਦੀ ਘਾਟ, ਕਿਸਾਨਾਂ ਅੱਗੇ ਖੜ੍ਹੀਆਂ ਹੋਈਆਂ ਮੁਸ਼ਕਿਲਾਂ


Updated On: 2020-04-24 05:26:18 ਮੰਡੀਆਂ 'ਚ ਬਾਰਦਾਨੇ ਤੇ ਲੇਬਰ ਦੀ ਘਾਟ, ਕਿਸਾਨਾਂ ਅੱਗੇ ਖੜ੍ਹੀਆਂ ਹੋਈਆਂ ਮੁਸ਼ਕਿਲਾਂ

ਪੰਜਾਬ ਦੀਆਂ ਅਨਾਜ਼ ਮੰਡੀਆਂ 'ਚ ਕਣਕ ਦੀ ਆਮਦ ਹੋ ਚੁੱਕੀ ਹੈ। ਸਰਕਾਰ ਵੱਲੋਂ ਕਣਕ ਦੀ ਖਰੀਦ ਲਈ ਚੰਗੇ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ। ਹਾਲਾਂਕਿ ਜ਼ਮੀਨੀ ਪੱਧਰ 'ਤੇ ਕਈ ਕਮੀਆਂ ਕਾਰਨ ਕਿਸਾਨ ਪਰੇਸ਼ਾਨ ਨਜ਼ਰ ਆ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀਆਂ 'ਚ ਬਾਰਦਾਨਾ ਨਾ ਆਉਣ ਕਰਕੇ ਉਹ ਖੱਜਲ ਖੁਆਰ ਹੋ ਰਹੇ ਹਨ। ਇਸੇ ਤਰ੍ਹਾਂ ਲੇਬਰ ਦੀ ਘਾਟ ਹੋਣ ਕਰਕੇ ਲਿਫਟਿੰਗ 'ਚ ਵੀ ਮੁਸ਼ਕਿਲ ਹੋ ਰਹੀ ਹੈ। ਫਸਲ ਦੀ ਅਦਾਇਗੀ ਨਾ ਹੋਣਾ ਵੀ ਵੱਡੀ ਸਮੱਸਿਆ ਬਣੀ ਹੋਈ ਹੈ।

ਖਬਰਾਂ ਮੁਤਾਬਕ ਪੰਜਾਬ ਦੀਆਂ ਮੰਡੀਆਂ 'ਚ 22 ਅਪ੍ਰੈਲ ਤੱਕ 23.56 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ। ਸਰਕਾਰ ਨੇ ਅਜੇ ਤੱਕ ਕੁੱਲ ਖਰੀਦ ਦਾ 2300 ਕਰੋੜ ਰੁਪਏ ਰਿਲੀਜ਼ ਕਰਨ ਦੀ ਗੱਲ ਕਹੀ ਹੈ, ਪਰ ਜ਼ਿਆਦਾਤਰ ਆੜ੍ਹਤੀਆਂ ਕੋਲ ਪੇਮੈਂਟ ਨਹੀਂ ਪਹੁੰਚੀ ਹੈ। ਇਸ ਤੋਂ ਇਲਾਵਾ ਲੇਬਰ ਦੀ ਕਮੀ ਹੋਣ ਕਰਕੇ ਵੀ ਕੰਮ ਪ੍ਰਭਾਵਿਤ ਹੋ ਰਿਹਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਮੰਡੀ 'ਚ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਨੂੰ ਲੈ ਕੇ ਬਰਨਾਲਾ 'ਚ ਕਿਸਾਨਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇੱਥੇ ਕਿਸਾਨ ਗੁਰਸੇਵਕ ਸਿੰਘ, ਦਰਸ਼ਨ ਸਿੰਘ, ਬਸੰਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਟੱਲੇਵਾਲ ਮੰਡੀ 'ਚ ਆਪਣੀ ਫਸਲ ਲੈ ਕੇ ਬੈਠੇ ਹਨ, ਪਰ ਮੰਡੀ 'ਚ ਬਾਰਦਾਨਾ ਨਾ ਆਉਣ ਕਰਕੇ ਉਹ ਖੱਜਲ ਖੁਆਰ ਹੋ ਰਹੇ ਹਨ। ਜਿੰਨਾ ਬਾਰਦਾਨਾ ਭੇਜਿਆ ਜਾ ਰਿਹਾ ਹੈ, ਉਹ ਬਹੁਤ ਘੱਟ ਹੈ। ਜਿਹੜੀ ਕਣਕ ਦੀ ਭਰਾਈ ਹੋ ਚੁੱਕੀ ਹੈ, ਉਸਦੀ ਲਿਫਟਿੰਗ ਨਹੀਂ ਹੋ ਰਹੀ ਹੈ, ਜਿਸ ਕਰਕੇ ਘਰਾਂ 'ਚ ਫਸਲਾਂ ਰੱਖੀ ਬੈਠੇ ਕਿਸਾਨ ਵੀ ਪਰੇਸ਼ਾਨ ਹਨ।

Comments

Leave a Reply


Advertisement