Punjab

ਮਿਸ਼ਨ 2022 : ਬਸਪਾ ਨੇ ਸੂਬੇ ਭਰ ’ਚ ਕੱਢੀਆਂ ‘ਪੰਜਾਬ ਬਚਾਓ ਹਾਥੀ ਯਾਤਰਾਵਾਂ’


Updated On: 2021-03-17 05:27:01 ਮਿਸ਼ਨ 2022 : ਬਸਪਾ ਨੇ ਸੂਬੇ ਭਰ ’ਚ ਕੱਢੀਆਂ ‘ਪੰਜਾਬ ਬਚਾਓ ਹਾਥੀ ਯਾਤਰਾਵਾਂ’

ਬਸਪਾ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀਰਾਮ ਦੇ ਜਨਮਦਿਵਸ ਦੇ ਮੌਕੇ ’ਤੇ ਪਾਰਟੀ ਵੱਲੋਂ ਸੂਬੇ ਭਰ ’ਚ ਵਿਧਾਨਸਭਾ ਪੱਧਰ ’ਤੇ ‘ਪੰਜਾਬ ਬਚਾਓ ਹਾਥੀ ਯਾਤਰਾਵਾਂ’ ਕੱਢੀਆਂ ਗਈਆਂ। ਬਸਪਾ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ’ਚ ਹੋਏ ਇਸ ਪ੍ਰੋਗਰਾਮ ਦੌਰਾਨ ਪਾਰਟੀ ਵਰਕਰਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

ਪੰਜਾਬ ਬਚਾਓ ਹਾਥੀ ਯਾਤਰਾ ਤਹਿਤ ਵਿਧਾਨਸਭਾ ਪੱਧਰ ’ਤੇ ਮੋਟਰਸਾਈਕਲ ਰੈਲੀਆਂ ਕੱਢ ਕੇ ਮਿਸ਼ਨ ਪੰਜਾਬ 2022 ਸੱਤਾ ਪ੍ਰਾਪਤੀ ਦਾ ਵਿਗਲ ਵਜਾਇਆ ਗਿਆ। ਇਸਦੇ ਨਾਲ ਹੀ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਦੀਆਂ ਲੋਕਵਿਰੋਧੀ ਨੀਤੀਆਂ ਨੂੰ ਲੈ ਕੇ ਇਨ੍ਹਾਂ ਸਰਕਾਰਾਂ ਨੂੰ ਘੇਰਿਆ ਗਿਆ। ਇਸ ਦੌਰਾਨ ਖੇਤੀ ਕਾਨੂੰਨ, ਲੇਬਰ ਕਾਨੂੰਨ, ਬੇਰੁਜ਼ਗਾਰੀ, ਮਹਿੰਗਾਈ, ਸਰਕਾਰੀ ਸਿਹਤ-ਸਿੱਖਿਆ ਵਿਵਸਥਾ ਦੀ ਬਦਹਾਲੀ, ਨਸ਼ੇ ਦਾ ਫੈਲਾਅ ਆਦਿ ਮੁੱਦੇ ਚੁੱਕੇ ਗਏ।

ਵਿਧਾਨਸਭਾ ਹਲਕਾ ਬਲਾਚੌਰ ’ਚ ਕੱਢੀ ਗਈ ਮੋਟਰਸਾਈਕਲ ਰੈਲੀ ਦੀ ਅਗਵਾਈ ਬਸਪਾ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਕੀਤੀ। ਇਹ ਰੈਲੀ ਬਲਾਚੌਰ ਦੇ ਲਗਭਗ 30 ਪਿੰਡਾਂ ’ਚੋਂ ਲੰਘਦੀ ਹੋਈ ਮੇਨ ਹਾਈਵੇ ਰੋਪੜ ਵਿਖੇ ਪਹੁੰਚੀ, ਜਿੱਥੇ ਵੱਡੀ ਗਿਣਤੀ ’ਚ ਲੋਕ ਇਕੱਠੇ ਹੋਏ। ਇਸ ਰੈਲੀ ਦਾ ਮੁੱਖ ਮੰਤਵ ਕਿਸਾਨ ਤੇ ਮਜ਼ਦੂਰ ਵਿਰੋਧੀ ਕਾਲੇ ਕਾਨੂੰਨ ਰੱਦ ਕਰਾਉਣੇ ਤੇ ਗਰੀਬਾਂ ਲਈ ਸਮਾਜਿਕ ਸੁਰੱਖਿਆ ਤੇ ਆਰਥਿਕ ਸਹੂਲਤਾਂ ਦਾ ਪ੍ਰਬੰਧ ਕਰਾਉਣਾ ਸੀ।

ਇਸ ਮੌਕੇ ਸੂਬਾ ਪ੍ਰਧਾਨ ਜਸਵੀਰ ਗੜ੍ਹੀ ਨੇ ਕਿਹਾ ਕਿ ਅਸੀਂ 2022 ’ਚ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਕੇ ਪੰਜਾਬ ਦੇ ਲੋਕਾਂ ਦੇ ਦੁੱਖ ਕੱਟਣ ਦਾ ਕੰਮ ਕਰਾਂਗੇ। ਪੰਜਾਬ ਦੇ ਸਾਰੇ ਲੋਕ ਚਾਹੇ ਉਹ ਕਿਸੇ ਵੀ ਜਾਤੀ ਜਾਂ ਧਰਮ ਦੇ ਹੋਣ, ਉਹ ਸਭ ਸਾਡੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਕਾਂਗਰਸ, ਅਕਾਲੀ-ਭਾਜਪਾ ਸਰਕਾਰਾਂ ਨੇ ਪੰਜਾਬੀਆਂ ਨੂੰ ਬੁਰੀ ਤਰ੍ਹਾਂ ਕੁਚਲਿਆ ਹੈ। ਇਸ ਤਹਿਤ ਅੱਜ ਪੰਜਾਬੀਆਂ ਨੂੰ ਸਿਹਤ, ਸਿੱਖਿਆ, ਰੁਜ਼ਗਾਰ ਤੋਂ ਅਵਾਜ਼ਾਰ ਹੋਣਾ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਬਸਪਾ 2022 ’ਚ ਪੰਜਾਬ ’ਚ ਮਜ਼ਬੂਤ ਧਿਰ ਬਣੇਗੀ।

ਇਸੇ ਤਰ੍ਹਾਂ ਬਸਪਾ ਵੱਲੋਂ ਵਿਧਾਨਸਭਾ ਹਲਕਾ ਕਰਤਾਰਪੁਰ, ਸ਼ਾਮ ਚੌਰਾਸੀ, ਚੱਬੇਵਾਲ, ਆਦਮਪੁਰ, ਫਿਲੌਰ, ਨਕੋਦਰ, ਲੁਧਿਆਣਾ, ਜਲੰਧਰ ਸ਼ਹਿਰ, ਨਵਾਂਸ਼ਹਿਰ, ਬੰਗਾ ਆਦਿ ਸਮੇਤ ਸੂਬੇ ਭਰ ’ਚ ਵਿਧਾਨਸਭਾ ਹਲਕਿਆਂ ’ਚ ਮੋਟਰਸਾਈਕਲ ਰੈਲੀਆਂ ਕੱਢੀਆਂ ਗਈਆਂ।

Comments

Leave a Reply


Advertisement