Punjab

'ਲੜੋਆ ਦੀ ਪੰਚਾਇਤ ਨੇ ਆਪਣੇ ਸੰਵਿਧਾਨਕ ਹੱਕਾਂ ਲਈ ਆਵਾਜ਼ ਬੁਲੰਦ ਕੀਤੀ'


Updated On: 2020-05-02 06:39:25 'ਲੜੋਆ ਦੀ ਪੰਚਾਇਤ ਨੇ ਆਪਣੇ ਸੰਵਿਧਾਨਕ ਹੱਕਾਂ ਲਈ ਆਵਾਜ਼ ਬੁਲੰਦ ਕੀਤੀ'

ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਨੇ ਕਿਹਾ ਹੈ ਕਿ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲੋਕਾਂ ਪ੍ਰਤੀ ਜਬਾਵਦੇਹ ਬਣਾਉਣ ਦੇ ਲਈ ਬਸਪਾ ਜੱਦੋਜਹਿਦ ਕਰਦੀ ਰਹੇਗੀ। ਸਰਕਾਰ ਤੇ ਅਧਿਕਾਰੀਆਂ ਨੂੰ ਨਿਰੰਕੁਸ਼ ਨਹੀਂ ਹੋਣ ਦਿੱਤਾ ਜਾਵੇਗਾ ਤੇ ਕਾਨੂੰਨ ਦਾ ਰਾਜ ਸਥਾਪਿਤ ਕੀਤਾ ਜਾਵੇਗਾ।

ਬਸਪਾ ਆਗੂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਲੱਗੇ ਕਰਫਿਊ ਦੌਰਾਨ ਮਾੜੀ ਗੱਲ ਇਹ ਵੀ ਰਹੀ ਹੈ ਕਿ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਵਲੋਂ ਸਿੱਧੇ ਤੌਰ 'ਤੇ ਪ੍ਰਸ਼ਾਸਨ ਨੂੰ ਕੰਟਰੋਲ ਕੀਤਾ ਗਿਆ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਵੀ ਉਨ੍ਹਾਂ ਦੀ ਦਿੱਤੀ ਲਾਈਨ 'ਤੇ ਚੱਲ ਕੇ ਸੰਵਿਧਾਨਕ ਕਦਰਾਂ ਕੀਮਤਾਂ ਦਾ ਘਾਣ ਕੀਤਾ ਗਿਆ।

ਬਲਵਿੰਦਰ ਕੁਮਾਰ ਨੇ ਕਿਹਾ ਕਿ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਹੈ ਤੇ ਕਾਂਗਰਸ ਦੇ ਅਹੁਦੇਦਾਰ ਸਰਕਾਰ ਰਾਹੀਂ ਆਪਣੀਆਂ ਨੀਤੀਆਂ ਲਾਗੂ ਕਰਵਾਉਣ, ਨਾ ਕਿ ਸਿੱਧੇ ਪ੍ਰਸ਼ਾਸਨ ਨੂੰ ਚਲਾਉਣ। ਜਿਲ੍ਹੇ ਵਿੱਚ ਚੁਣੀਆਂ ਹੋਈਆਂ ਪੰਚਾਇਤਾਂ ਦੇ ਸੰਵਿਧਾਨਕ ਅਧਿਕਾਰਾਂ ਦਾ ਘਾਣ ਕੀਤਾ ਗਿਆ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਾਂਗਰਸੀ ਅਹੁਦੇਦਾਰਾਂ ਦੇ ਪ੍ਰਭਾਵ ਹੇਠ ਖਾਸ ਕਰਕੇ ਗੈਰ ਕਾਂਗਰਸੀ ਪੰਚਾਇਤਾਂ ਨੂੰ ਪਰ੍ਹਾਂ ਕਰਕੇ ਪਿੰਡਾਂ ਵਿੱਚ ਉਨ੍ਹਾਂ ਨੂੰ ਮਾਨਤਾ ਦਿੱਤੀ, ਜੋ ਚੁਣੇ ਹੀ ਨਹੀਂ ਗਏ।

ਜੇਕਰ ਅਜਿਹੀ ਅਣਦੇਖੀ ਕੀਤੀ ਜਾਵੇਗੀ ਤਾਂ ਇਸ ਤਰ੍ਹਾਂ ਦੀ ਧੱਕੇਸ਼ਾਹੀ ਦੇ ਖਿਲਾਫ ਆਵਾਜ਼ ਉੱਠਣੀ ਸੁਭਾਵਿਕ ਹੀ ਹੈ। ਇਸੇ ਕਰਕੇ ਵਿਧਾਨਸਭਾ ਹਲਕਾ ਫਿਲੌਰ, ਕਰਤਾਰਪੁਰ ਤੇ ਆਦਮਪੁਰ ਵਿੱਚ ਗੈਰ ਕਾਂਗਰਸੀ ਪੰਚਾਇਤਾਂ ਨੇ ਇਸ 'ਤੇ ਨਾਰਾਜ਼ਗੀ ਵੀ ਜਤਾਈ ਹੈ।
ਬਲਵਿੰਦਰ ਕੁਮਾਰ ਨੇ ਕਿਹਾ ਕਿ ਇਸ ਕੜੀ ਵਿੱਚ ਬਲਾਕ ਭੋਗਪੁਰ ਵਿੱਚ ਪੈਂਦੀ ਲੜੋਆ ਦੀ ਪੰਚਾਇਤ ਵਧਾਈ ਦੀ ਪਾਤਰ ਹੈ, ਜਿਸਨੇ ਬੀਡੀਪੀਓ ਭੋਗਪੁਰ ਵਲੋਂ ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ ਤੇ ਮਾਨਤਾ ਦੀ ਕੀਤੀ ਗਈ ਅਣਦੇਖੀ ਖਿਲਾਫ ਆਵਾਜ਼ ਬੁਲੰਦ ਕੀਤੀ ਹੈ।

ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇਹ ਸੰਵਿਧਾਨਕ ਜ਼ਿੰਮੇਵਾਰੀ ਹੈ ਕਿ ਉਹ ਚੁਣੀਆਂ ਹੋਣੀਆਂ ਪੰਚਾਇਤਾਂ ਨੂੰ ਮਾਨਤਾ ਤੇ ਸਨਮਾਨ ਦੇਣ ਅਤੇ ਰਾਜਨੀਤਕ ਪ੍ਰਭਾਵ ਹੇਠ ਉਨ੍ਹਾਂ ਲੋਕਾਂ ਨੂੰ ਹੀ ਪੰਚਾਇਤ ਦੀ ਜਗ੍ਹਾ ਨਾ ਦੇਣ, ਜਿਨ੍ਹਾਂ ਨੂੰ ਲੋਕਾਂ ਵਲੋਂ ਇਸਦੇ ਲਈ ਮਤ ਹੀ ਨਹੀਂ ਦਿੱਤਾ ਗਿਆ।

ਸਾਰਿਆਂ ਦੇ ਅਧਿਕਾਰਾਂ ਦੇ ਸਨਮਾਨ ਕਰਕੇ ਹੀ ਅਮਨ ਅਮਾਨ ਵਾਲੀ ਸਥਿਤੀ ਬਣੀ ਰਹਿ ਸਕਦੀ। ਜੇਕਰ ਸਰਕਾਰ ਤੇ ਪ੍ਰਸ਼ਾਸਨ ਵਲੋਂ ਹੀ ਚੁਣੇ ਹੋਏ ਨੁਮਾਇੰਦਿਆਂ ਦੇ ਅਧਿਕਾਰਾਂ ਦਾ ਹਨਨ ਹੁੰਦਾ ਹੈ ਜਾਂ ਮਾਨਤਾ ਨਹੀਂ ਦਿੱਤੀ ਜਾਂਦੀ ਤੇ ਇਸ ਤੋਂ ਇਹ ਸਾਫ ਹੈ ਕਿ ਅਧਿਕਾਰੀ ਤੇ ਸਰਕਾਰ ਖੁਦ ਹੀ ਵਿਰੋਧ ਵਾਲੀ ਸਥਿਤੀ ਪੈਦਾ ਕਰ ਰਹੇ ਹਨ।

Comments

Leave a Reply


Advertisement