ਖੇਤੀ ਕਾਨੂੰਨਾਂ ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮੁੱਦਿਆਂ ’ਤੇ ਲਗਾਤਾਰ ਹੋਏ ਅੰਦੋਲਨ
Updated On: 2020-12-31 14:33:46
ਸਾਲ 2020 ਬੀਤ ਗਿਆ। ਮਿੱਠੀਆਂ ਘੱਟ ਤੇ ਕੌੜੀਆਂ ਯਾਦਾਂ ਜ਼ਿਆਦਾ ਸਮੇਟਦਾ ਇਹ ਸਾਲ ਮੁੱਖ ਤੌਰ ’ਤੇ ਖੇਤੀ ਕਾਨੂੰਨਾਂ ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮੁੱਦਿਆਂ ਨੂੰ ਲੈ ਕੇ ਲੰਮੇ ਸਮੇਂ ਤੱਕ ਚੱਲੇ ਪ੍ਰਦਰਸ਼ਨਾਂ ਲਈ ਯਾਦ ਕੀਤਾ ਜਾਵੇਗਾ।
ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਲਾਭ ਨਾ ਮਿਲਣ ਕਰਕੇ ਵਿਦਿਆਰਥੀ ਸਾਲ ਭਰ ਸੂਬੇ ਦੇ ਵੱਖ-ਵੱਖ ਸਿੱਖਿਆ ਸੰਸਥਾਨਾਂ, ਪ੍ਰਸ਼ਾਸਨ ਤੇ ਸਰਕਾਰਾਂ ਖਿਲਾਫ ਪ੍ਰਦਰਸ਼ਨ ਕਰਦੇ ਰਹੇ। ਬਿਨਾਂ ਫੀਸ ਦਾਖਲਾ ਨਾ ਹੋਣ, ਪ੍ਰੀਖਿਆ ਲਈ ਰੋਲ ਨੰਬਰ ਜਾਰੀ ਨਾ ਹੋਣ ਤੇ ਡਿਗਰੀਆਂ-ਸਰਟੀਫਿਕੇਟ ਨਾ ਮਿਲਣ ਦੇ ਰੋਸ ਵੱਜੋਂ ਅਨੁਸੂਚਿਤ ਜਾਤੀ-ਪੱਛੜੇ ਵਰਗ ਦੇ ਵਿਦਿਆਰਥੀ ਪੜ੍ਹਾਈ ਛੱਡ ਕੇ ਸੜਕਾਂ ’ਤੇ ਸੰਘਰਸ਼ ਕਰਦੇ ਨਜ਼ਰ ਆਏ।
ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਸਾਲ 2020 ਦੇ ਅਖੀਰਲੇ ਮਹੀਨਿਆਂ ’ਚ ਪੰਜਾਬ ਭਰ ਦਾ ਮਾਹੌਲ ਭਖਿਆ ਰਿਹਾ। ਇਨ੍ਹਾਂ ਕਾਨੂੰਨਾਂ ਦਾ ਪਿੰਡਾਂ-ਸ਼ਹਿਰਾਂ ਤੋਂ ਸ਼ੁਰੂ ਹੋਇਆ ਵਿਰੋਧ ਦਿੱਲੀ ਬਾਰਡਰ ਤੱਕ ਪਹੁੰਚ ਕੇ ਵੱਡੇ ਅੰਦੋਲਨ ਦਾ ਰੂਪ ਧਾਰ ਗਿਆ।
ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੇਸ਼ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਦੀ ਹਾਲਤ ਵੀ ਖਰਾਬ ਕਰ ਦਿੱਤੀ। ਇਸਦੇ ਮੱਦੇਨਜ਼ਰ ਮਾਰਚ ਮਹੀਨੇ ਤੋਂ ਪੰਜਾਬ ’ਚ ਕੀਤੇ ਗਏ ਲਾਕਡਾਊਨ ਕਰਕੇ ਕਾਰੋਬਾਰ, ਦੁਕਾਨਾਂ, ਦਫਤਰ ਬੰਦ ਕਰ ਦਿੱਤੇ ਗਏ। ਲੋਕ ਘਰਾਂ ’ਚ ਕੈਦ ਹੋ ਕੇ ਰਹਿ ਗਏ।
ਇਸ ਲਾਕਡਾਊਨ ਕਰਕੇ ਲੋਕਾਂ ਦੇ ਕਾਰੋਬਾਰ ਤੇ ਰੁਜ਼ਗਾਰ ’ਤੇ ਭਾਰੀ ਸੱਟ ਵੱਜੀ ਤੇ ਕਈ ਲੋਕ ਸਾਲ ਦੇ ਅਖੀਰ ਤੱਕ ਵੀ ਆਪਣੇ ਪੈਰਾਂ ’ਤੇ ਖੜੇ ਨਹÄ ਹੋ ਸਕੇ। ਲਾਕਡਾਊਨ ਦੌਰਾਨ ਕਈ ਸਮਾਜਿਕ ਤੇ ਧਾਰਮਿਕ ਜੱਥੇਬੰਦੀਆਂ ਲੋਕਾਂ ਦੀ ਮਦਦ ਲਈ ਵੱਡੇ ਪੱਧਰ ’ਤੇ ਅੱਗੇ ਆਈਆਂ ਤੇ ਉਨ੍ਹਾਂ ਵੱਲੋਂ ਲੋੜਵੰਦਾਂ ਤੱਕ ਰਾਸ਼ਨ ਤੇ ਹੋਰ ਜ਼ਰੂਰੀ ਸਾਮਾਨ ਪਹੁੰਚਾਇਆ ਗਿਆ।
ਕੁੱਲ ਮਿਲਾ ਕੇ ਕਹੀਏ ਤਾਂ ਸਾਲ 2020 ਲੋਕਾਂ ਲਈ ਜ਼ਿਆਦਾ ਮੁਸ਼ਕਿਲਾਂ ਭਰਿਆ ਰਿਹਾ। ਅਜਿਹੇ ਮੁਸ਼ਕਿਲ ਹਾਲਾਤ ਨਵੇਂ ਸਾਲ 2021 ’ਚ ਨਾ ਆਉਣ, ਇਸਦੇ ਲਈ ਲੋਕ ਅਰਦਾਸ ਕਰਦੇ ਨਜ਼ਰ ਆਏ।
Leave a Reply