ਬੋਤਲਬੰਦ ਪਾਣੀ ਸਿਹਤ ਲਈ ਹੋ ਸਕਦਾ ਖਤਰਨਾਕ
Updated On: 2021-03-17 06:00:05
ਜੇਕਰ ਤੁਸੀਂ ਪੀਣ ਲਈ ਬੋਤਲਬੰਦ ਪਾਣੀ ਦਾ ਇਸਤੇਮਾਲ ਕਰਦੇ ਹੋ ਤਾਂ ਸਾਵਧਾਨ ਹੋ ਜਾਓ। ਤੁਸੀਂ ਜਿਸ ਪਾਣੀ ਦਾ ਇਸਤੇਮਾਲ ਕਰ ਰਹੇ ਹੋ, ਉਸ ਵਿੱਚ ਪਲਾਸਟਿਕ ਦੇ ਕਣ ਹੋ ਸਕਦੇ ਹਨ। ਦੁਨੀਆ ਭਰ ਤੋਂ ਲਏ ਗਏ ਬੋਤਲਬੰਦ ਪਾਣੀ ਦੇ 90 ਫੀਸਦੀ ਨਮੂਨਿਆਂ ਵਿੱਚ ਪਲਾਸਟਿਕ ਦੇ ਕਣ ਪਾਏ ਗਏ ਹਨ।
ਨਿਊਯਾਰਕ ਦੀ ਸਟੇਟ ਯੂਨੀਵਰਸਿਟੀ ਦੇ ਸੋਧ ਕਰਨ ਵਾਲਿਆਂ ਨੇ 9 ਦੇਸ਼ਾਂ ਵਿੱਚ ਵੇਚੀਆਂ ਜਾ ਰਹੀ 11 ਬ੍ਰੈਂਡਸ ਦੀਆਂ 250 ਬੋਤਲਾਂ ਨੂੰ ਟੈਸਟ ਕੀਤਾ। ਭਾਰਤ ਤੋਂ ਇਲਾਵਾ ਚੀਨ, ਅਮਰੀਕਾ, ਬ੍ਰਾਜ਼ੀਲ, ਇੰਡੋਨੇਸ਼ੀਆ, ਕੀਨੀਆ, ਲੈਬਨਾਨ, ਮੈਕਸੀਕੋ ਤੇ ਥਾਈਲੈਂਡ ਦੇ ਬੋਤਲਬੰਦ ਪਾਣੀ ਦੇ ਸੈਂਪਲਾਂ ਦੀ ਜਾਂਚ ਦੌਰਾਨ ਇਨ੍ਹਾਂ ’ਚ ਪਲਾਸਟਿਕ ਦੇ ਕਣ ਮਿਲੇ।
ਅੰਕੜਿਆਂ ’ਤੇ ਨਜ਼ਰ ਪਾਈਏ ਤਾਂ ਅਮਰੀਕਾ ਤੇ ਥਾਈਲੈਂਡ ਵਿੱਚ ਵਿਕਣ ਵਾਲੇ ਬੋਤਲਬੰਦ ਪਾਣੀ ਨੈਸਲੇ ਪਿਓਰ ਲਾਈਫ ਵਿੱਚ ਸਭ ਤੋਂ ਜ਼ਿਆਦਾ ਪਲਾਸਟਿਕ ਪਾਇਆ ਗਿਆ। ਇਸ ਵਿੱਚ 1 ਲੀਟਰ ਪਾਣੀ ’ਚ 10,390 ਪਲਾਸਟਿਕ ਦੇ ਕਣ ਪਾਏ ਗਏ। ਇਸ ਤੋਂ ਬਾਅਦ ਨੰਬਰ ਆਉਂਦਾ ਹੈ ਭਾਰਤ ਵਿੱਚ ਬੋਤਲਬੰਦ ਪਾਣੀ ਵੇਚਣ ਵਾਲੇ ਬ੍ਰੈਂਡ ਬਿਸਲੇਰੀ ਦਾ, ਜਿਸਦੇ 1 ਲੀਟਰ ਪਾਣੀ ਵਿੱਚ 5230 ਪਲਾਸਟਿਕ ਦੇ ਕਣ ਪਾਏ ਗਏ। ਸੋਧ ਕਰਨ ਵਾਲਿਆਂ ਦਾ ਮੰਨਣਾ ਹੈ ਕਿ ਬੋਤਲਬੰਦ ਪਾਣੀ ਵਿੱਚ ਇਹ ਪ੍ਰਦੂਸ਼ਣ ਪੈਕੇਜਿੰਗ ਦੌਰਾਨ ਪੈਦਾ ਹੁੰਦਾ ਹੈ।
ਪਲਾਸਟਿਕ ਦੇ ਜਿਹੜੇ ਅੰਸ਼ ਪਾਏ ਗਏ, ਉਨ੍ਹਾਂ ਵਿੱਚ ਪਾਲੀਪ੍ਰੋਪਾਈਲੀਨ, ਨਾਇਲਾਨ ਅਤੇ ਪਾਲੀਇਥਾਈਲੀਨ ਟੇਰੇਪਥਾਲੇਟ ਸ਼ਾਮਲ ਹਨ। ਇਨ੍ਹਾਂ ਸਾਰਿਆਂ ਦਾ ਇਸਤੇਮਾਲ ਬੋਤਲ ਦਾ ਢੱਕਣ ਬਣਾਉਣ ਵਿੱਚ ਹੁੰਦਾ ਹੈ। ਬੀਤੇ ਸਮੇਂ ਵਿੱਚ ਹੋਈ ਇੱਕ ਰਿਸਰਚ ਵਿੱਚ ਦੱਸਿਆ ਗਿਆ ਸੀ ਕਿ ਟੂਟੀ ਦਾ ਪਾਣੀ ਬੋਤਲਬੰਦ ਪਾਣੀ ਤੋਂ ਜ਼ਿਆਦਾ ਸੁਰੱਖਿਅਤ ਹੈ। 1 ਲੀਟਰ ਦੀ ਪਾਣੀ ਦੀ ਬੋਤਲ ਵਿੱਚ ਔਸਤ 10.4 ਮਾਈਕ੍ਰੋਪਲਾਸਟਿਕ ਦੇ ਕਣ ਹੁੰਦੇ ਹਨ। ਇਹ ਨਲਕੇ/ਟੂਟੀ ਦੇ ਪਾਣੀ ਵਿੱਚ ਪਾਏ ਜਾਣ ਵਾਲੇ ਮਾਈਕ੍ਰੋਪਲਾਸਟਿਕ ਦੇ ਕਣਾਂ ਤੋਂ ਦੁੱਗਣੇ ਹੁੰਦੇ ਹਨ।
(ਸਰੋਤ : ਐੱਨਬੀਟੀ)
Leave a Reply