India

'ਸਾਨੂੰ ਕੁੱਤਿਆਂ ਵਾਂਗ ਭਜਾਇਆ ਗਿਆ, ਹੁਣ ਮੁੜ ਕਦੇ ਗੁਜਰਾਤ ਨਹੀਂ ਆਵਾਂਗੇ'


Updated On: 2020-05-06 15:21:28 'ਸਾਨੂੰ ਕੁੱਤਿਆਂ ਵਾਂਗ ਭਜਾਇਆ ਗਿਆ, ਹੁਣ ਮੁੜ ਕਦੇ ਗੁਜਰਾਤ ਨਹੀਂ ਆਵਾਂਗੇ'

ਗੁਜਰਾਤ 'ਚ ਲਾਕਡਾਊਨ ਦੇ 40 ਤੋਂ ਵੱਧ ਦਿਨ ਬੀਤ ਜਾਣ ਦੇ ਬਾਵਜੂਦ ਵੱਡੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਆਪਣੇ ਘਰ ਨਹੀਂ ਜਾ ਸਕੇ ਹਨ। ਇਸ ਗੱਲ ਨੂੰ ਲੈ ਕੇ ਪਰੇਸ਼ਾਨ ਪ੍ਰਵਾਸੀ ਮਜ਼ਦੂਰਾਂ ਨੇ ਬੀਤੇ ਦਿਨੀਂ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਸੜਕਾਂ 'ਤੇ ਪ੍ਰਦਰਸ਼ਨ ਕੀਤਾ। ਗੁਜਰਾਤ ਦੇ ਸੂਰਤ 'ਚ ਪ੍ਰਵਾਸੀ ਮਜ਼ਦੂਰ ਤੇ ਪੁਲਸ ਆਹਮੋ-ਸਾਹਮਣੇ ਹੋ ਗਏ, ਜਿਸ ਤੋਂ ਬਾਅਦ ਹਿੰਸਕ ਮਾਹੌਲ ਦੇਖਣ ਨੂੰ ਮਿਲਿਆ।

ਐਨਬੀਟੀ ਦੀ ਰਿਪੋਰਟ ਮੁਤਾਬਕ ਜਦੋਂ ਤੋਂ ਗੁਜਰਾਤ 'ਚ ਲਾਕਡਾਊਨ ਐਲਾਨਿਆ ਗਿਆ ਹੈ, ਉਦੋਂ ਤੋਂ ਹੁਣ ਤੱਕ ਸੂਰਤ 'ਚ ਪ੍ਰਵਾਸੀ ਮਜ਼ਦੂਰ ਤੇ ਪੁਲਸ ਕਈ ਵਾਰ ਆਹਮੋ-ਸਾਹਮਣੇ ਆ ਚੁੱਕੇ ਹਨ। ਬੀਤੇ ਦਿਨੀਂ ਹਿੰਸਾ ਉਦੋਂ ਸ਼ੁਰੂ ਹੋਈ, ਜਦੋਂ ਮਜ਼ਦੂਰਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਹ ਮਜ਼ਦੂਰ ਬੀਤੇ ਦਿਨੀਂ ਯੂਪੀ-ਬਿਹਾਰ ਸਮੇਤ ਹੋਰ ਸੂਬਿਆਂ ਵਿਖੇ ਪੈਂਦੇ ਆਪਣੇ ਘਰਾਂ ਨੂੰ ਜਾਣ ਲਈ ਨਿਕਲੇ ਸਨ, ਪਰ ਗੁਜਰਾਤ ਬਾਰਡਰ ਤੋਂ ਇਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੀ, ਜਿਸ ਤੋਂ ਇਹ ਨਾਰਾਜ ਸਨ। ਪ੍ਰਦਰਸ਼ਨ ਦੌਰਾਨ ਪੁਲਸ ਨੇ ਮਜ਼ਦੂਰਾਂ ਨੂੰ ਹਟਾਉਣ ਲਈ ਲਾਠੀਚਾਰਜ ਕੀਤਾ। ਇਸ ਸਬੰਧ 'ਚ ਪੁਲਸ ਨੇ ਕਰੀਬ 200 ਮਜ਼ਦੂਰਾਂ ਨੂੰ ਹਿੰਸਾ ਫੈਲਾਉਣ ਦੇ ਦੋਸ਼ ਤਹਿਤ ਗ੍ਰਿਫਤਾਰ ਕੀਤਾ ਹੈ।

ਬਨਾਰਸ ਦੇ ਰਹਿਣ ਵਾਲੀ ਮਜ਼ਦੂਰ ਰਾਧੇਸ਼ਿਆਮ ਨੇ ਮੀਡੀਆ ਨੂੰ ਕਿਹਾ ਕਿ ਉਹ ਕਦੇ ਸੂਰਤ ਮੁੜ ਕੇ ਨਹੀਂ ਆਉਣਗੇ। ਉਨ੍ਹਾਂ ਕਿਹਾ, ''ਸਾਨੂੰ ਕੁੱਤਿਆਂ ਵਾਂਗ ਭਜਾਇਆ ਗਿਆ। ਅਸੀਂ ਆਪਣੇ ਘਰ ਜਾਣ ਲਈ ਜੇਬ 'ਚ ਪਿਆ ਪੂਰਾ ਪੈਸਾ ਖਰਚ ਕਰ ਦਿੱਤਾ, ਪਰ ਫਿਰ ਵੀ ਸਾਨੂੰ ਤੰਗ ਕੀਤਾ ਗਿਆ ਤੇ ਵਾਪਸ ਭੇਜ ਦਿੱਤਾ ਗਿਆ। ਸਾਡਾ ਅਪਰਾਧ ਸਿਰਫ ਇੰਨਾ ਹੈ ਕਿ ਅਸੀਂ ਘਰ ਜਾਣਾ ਚਾਹੁੰਦੇ ਹਾਂ।'' ਰਾਧੇਸ਼ਿਆਮ ਤੇ 56 ਦੂਜੇ ਮਜ਼ਦੂਰਾਂ ਨੂੰ ਲੈ ਜਾ ਰਹੀ ਬੱਸ ਨੂੰ ਦਾਹੋਦ (ਗੁਜਰਾਤ) ਚੈਕਪੋਸਟ 'ਤੇ ਹੀ ਰੋਕ ਦਿੱਤਾ ਗਿਆ।

ਇਸੇ ਤਰ੍ਹਾਂ ਬਿਹਾਰ ਦੇ ਗਯਾ ਵਾਸੀ ਗਿਰੀਸ਼ੰਕਰ ਕਹਿੰਦੇ ਹਨ, ''ਗੁਜਰਾਤ 'ਚ ਜੇਕਰ ਸਾਡੇ ਨਾਲ ਅਜਿਹਾ ਵਿਵਹਾਰ ਕੀਤਾ ਗਿਆ ਤਾਂ ਅਸੀਂ ਵਾਪਸ ਨਹੀਂ ਮੁੜਾਂਗੇ। ਪੁਲਸ ਸਾਡੇ ਨਾਲ ਅੱਤਵਾਦੀਆਂ ਵਾਂਗ ਪੇਸ਼ ਆ ਰਹੀ ਹੈ।'' ਕੰਮਕਾਜ ਦੀ ਤਲਾਸ਼ 'ਚ ਗੁਜਰਾਤ ਆਏ ਇਨ੍ਹਾਂ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਪੈਸੇ ਨਹੀਂ ਹਨ, ਰਾਸ਼ਨ ਨਹੀਂ ਹੈ। ਅਜਿਹੇ 'ਚ ਉਹ ਆਪਣੇ ਘਰ ਜਾਣਾ ਚਾਹੁੰਦੇ ਹਨ, ਪਰ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਹੈ।

Comments

Leave a Reply


Advertisement