India

'ਪੰਜਾਬ ਦੇ ਮਜ਼ਦੂਰ ਅਣਦੇਖੀ ਦੇ ਸ਼ਿਕਾਰ, ਪਹਿਲਾਂ ਉੱਧਰ ਧਿਆਨ ਦੇਵੇ ਕਾਂਗਰਸ'


Updated On: 2020-05-18 10:05:27 'ਪੰਜਾਬ ਦੇ ਮਜ਼ਦੂਰ ਅਣਦੇਖੀ ਦੇ ਸ਼ਿਕਾਰ, ਪਹਿਲਾਂ ਉੱਧਰ ਧਿਆਨ ਦੇਵੇ ਕਾਂਗਰਸ'

ਬਸਪਾ ਦੇ ਰਾਸ਼ਟਰੀ ਪ੍ਰਧਾਨ ਮਾਇਆਵਤੀ ਨੇ ਲਾਕਡਾਊਨ ਦੌਰਾਨ ਦੇਸ਼ 'ਚ ਪ੍ਰਵਾਸੀ ਮਜ਼ਦੂਰਾਂ ਦੀ ਅਣਦੇਖੀ ਦਾ ਮਾਮਲਾ ਇੱਕ ਵਾਰ ਫਿਰ ਚੁੱਕਿਆ ਹੈ। ਮਜ਼ਦੂਰਾਂ ਦੀ ਬਦਹਾਲੀ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਉਨ੍ਹਾਂ ਨੇ ਭਾਜਪਾ ਦੇ ਨਾਲ-ਨਾਲ ਕਾਂਗਰਸ ਨੇਤਾ ਰਾਹੁਲ ਗਾਂਧੀ, ਉਨ੍ਹਾਂ ਦੇ ਭੈਣ ਪ੍ਰਿਅੰਕਾ ਗਾਂਧੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਮਾਇਆਵਤੀ ਨੇ ਕਾਂਗਰਸ ਦੀ ਸੱਤਾ ਵਾਲੇ ਸੂਬੇ ਪੰਜਾਬ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਾਲੇ ਪ੍ਰਦੇਸ਼ ਦਿੱਲੀ 'ਚ ਪ੍ਰਵਾਸੀ ਮਜ਼ਦੂਰਾਂ ਦੇ ਮਾੜੇ ਹਾਲਾਤ ਨੂੰ ਗੰਭੀਰ ਦੱਸਿਆ ਹੈ।

ਉਨ੍ਹਾਂ ਨੇ ਅਸਿੱਧੇ ਤੌਰ 'ਤੇ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ 'ਤੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਉਹ ਪਹਿਲਾਂ ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਹੋ ਰਹੀ ਅਣਦੇਖੀ ਵੱਲ ਧਿਆਨ ਦੇਣ, ਜਿੱਥੇ ਕਾਂਗਰਸ ਦੀ ਸਰਕਾਰ ਹੈ।

ਜ਼ਿਕਰਯੋਗ ਹੈ ਕਿ ਯੂਪੀ ਦੇ ਔਰਇਆ ਵਿੱਚ ਬੀਤੇ ਦਿਨੀਂ ਟਰੱਕ ਦੀ ਟੱਕਰ ਨਾਲ 25 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਯੂਪੀ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮਜ਼ਦੂਰਾਂ ਲਈ ਬੱਸਾਂ ਚਲਾਉਣ ਦੀ ਮਨਜ਼ੂਰੀ ਮੰਗੀ ਸੀ। ਪ੍ਰਿਅੰਕਾ ਗਾਂਧੀ ਨੇ ਕਿਹਾ ਸੀ ਕਿ ਪ੍ਰਵਾਸੀ ਮਜ਼ਦੂਰਾਂ ਲਈ ਕਾਂਗਰਸ ਆਪਣੇ ਖਰਚ 'ਤੇ 500 ਬੱਸਾਂ ਗਾਜ਼ੀਪੁਰ ਬਾਰਡਰ ਤੇ 500 ਬੱਸਾਂ ਨੋਇਡਾ ਬਾਰਡਰ ਤੋਂ ਚਲਾਉਣਾ ਚਾਹੁੰਦੀ ਹੈ।

ਇਸ 'ਤੇ ਬਸਪਾ ਦੇ ਰਾਸ਼ਟਰੀ ਪ੍ਰਧਾਨ ਮਾਇਆਵਤੀ ਨੇ ਕਾਂਗਰਸ ਨੂੰ ਸਬਕ ਸਿੱਖਣ ਦੀ ਨਸੀਹਤ ਦਿੱਤੀ ਹੈ। ਟਵਿੱਟਰ 'ਤੇ ਉਨ੍ਹਾਂ ਨੇ ਕਿਹਾ ਕਿ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਭਾਜਪਾ ਦੀ ਸੱਤਾ ਵਾਲੇ ਸੂਬਿਆਂ ਵਿੱਚ ਵੀ ਪ੍ਰਵਾਸੀ ਮਜ਼ਦੂਰਾਂ ਦੀ ਲਗਾਤਾਰ ਹੋ ਰਹੀ ਅਣਦੇਖੀ ਕਰਕੇ ਕਾਫੀ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਰੋਜ਼ਾਨਾ ਹਾਦਸਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਜਿਸ ਵਿੱਚ ਅਜੇ ਤੱਕ ਮਜ਼ਦੂਰਾਂ ਦੀਆਂ ਕਾਫੀ ਦਰਦਨਾਕ ਮੌਤਾਂ ਵੀ ਹੋ ਚੁੱਕੀਆਂ ਹਨ।

ਇਸ ਤੋਂ ਕਾਂਗਰਸ ਨੂੰ ਵੀ ਸਬਕ ਸਿੱਖਣਾ ਚਾਹੀਦਾ ਹੈ, ਕਿਉਂਕਿ ਪੰਜਾਬ ਤੇ ਚੰਡੀਗੜ ਤੋਂ ਯੂਪੀ ਦੇ ਕਾਫੀ ਪ੍ਰਵਾਸੀ ਮਜ਼ਦੂਰ ਸਰਕਾਰ ਦੀ ਅਣਦੇਖੀ ਕਰਕੇ ਯਮੁਨਾ ਨਦੀ ਰਾਹੀਂ ਵੀ ਘਰ ਵਾਪਸੀ ਕਰ ਰਹੇ ਹਨ, ਜਿਨ੍ਹਾਂ ਦੇ ਨਾਲ ਕਦੇ ਵੀ ਕੋਈ ਹਾਦਸਾ ਹੋ ਸਕਦਾ ਹੈ।

ਇਸ ਕਰਕੇ ਬੇਹਤਰ ਹੋਵੇਗਾ ਕਿ ਕਾਂਗਰਸ ਪਾਰਟੀ ਆਪਣੀਆਂ 1000 ਬੱਸਾਂ ਯੂਪੀ ਭੇਜਣ ਦੀ ਜਗ੍ਹਾ, ਉਨ੍ਹਾਂ ਨੂੰ ਪਹਿਲਾਂ ਪੰਜਾਬ ਤੇ ਚੰਡੀਗੜ ਹੀ ਭੇਜ ਦੇਣ, ਤਾਂਕਿ ਉਹ ਪੀੜਤ ਮਜ਼ਦੂਰ ਯਮੁਨਾ ਨਦੀ ਵਿੱਚ ਆਪਣੀ ਜਾਨ ਖਤਰੇ ਵਿੱਚ ਪਾਉਣ ਦੀ ਜਗ੍ਹਾ ਸੜਕ ਰਾਹੀਂ ਸੁਰੱਖਿਅਤ ਯੂਪੀ ਪਹੁੰਚ ਸਕਣ।

ਇਸੇ ਤਰ੍ਹਾਂ ਮਾਇਆਵਤੀ ਨੇ ਰਾਹੁਲ ਗਾਂਧੀ ਵੱਲੋਂ ਦਿੱਲੀ ਵਿੱਚ ਮਜ਼ਦੂਰਾਂ ਨੂੰ ਮਿਲਣ ਦੇ ਸਬੰਧ 'ਚ ਟਿੱਪਣੀ ਕਰਦੇ ਹੋਏ ਕਿਹਾ ਕਿ ਕਾਂਗਰਸ ਦੇ ਨੇਤਾ ਮਜ਼ਦੂਰਾਂ ਨੂੰ ਮਿਲਣ ਦੌਰਾਨ ਜੇਕਰ ਪ੍ਰਵਾਸੀ ਮਜ਼ਦੂਰਾਂ ਦੀ ਕੁਝ ਆਰਥਿਕ ਮਦਦ ਤੇ ਭੋਜਨ ਦੀ ਵਿਵਸਥਾ ਵੀ ਕਰ ਦਿੰਦੇ ਤਾਂ ਉਨ੍ਹਾਂ ਨੂੰ ਥੋੜੀ ਰਾਹਤ ਜ਼ਰੂਰ ਮਿਲ ਜਾਂਦੀ, ਮਤਲਬ ਕਾਂਗਰਸ ਨੂੰ ਉਨ੍ਹਾਂ ਦੇ ਦੁੱਖ-ਦਰਦ ਨੂੰ ਵੰਡਣ ਦੇ ਨਾਲ-ਨਾਲ ਬਸਪਾ ਵਾਂਗ ਉਨ੍ਹਾਂ ਦੀ ਕੁਝ ਮਦਦ ਵੀ ਜ਼ਰੂਰ ਕਰਨੀ ਚਾਹੀਦੀ ਹੈ।

ਬਸਪਾ ਦੇ ਰਾਸ਼ਟਰੀ ਪ੍ਰਧਾਨ ਮਾਇਆਵਤੀ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਵੀ ਗੱਲਾਂ ਘੱਟ ਤੇ ਕੰਮ ਜ਼ਿਆਦਾ ਕਰਨ ਦੀ ਨਸੀਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਰਾਜਧਾਨੀ ਦਿੱਲੀ 'ਚ ਸਰਕਾਰੀ ਅਣਦੇਖੀ ਕਰਕੇ ਲੱਖਾਂ ਪ੍ਰਵਾਸੀ ਮਜ਼ਦੂਰਾਂ ਦੀ ਸਭ ਤੋਂ ਵੱਧ ਬਦਹਾਲੀ ਹੋ ਰਹੀ ਹੈ। ਦਿੱਲੀ ਦੇ ਬਾਰਡਰ 'ਤੇ ਹੋਣ ਵਾਲੀ ਅਫਰਾ ਤਫਰੀ ਨੂੰ ਹਰ ਦਿਨ ਦੇਸ਼ ਦੁਨੀਆ ਦੇਖ ਰਹੀ ਹੈ। ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਖਾਸ ਜ਼ਿੰਮੇਵਾਰੀ ਹੈ ਕਿ ਉਹ ਗੱਲਾਂ ਘੱਟ ਤੇ ਮਜ਼ਦੂਰਾਂ ਪ੍ਰਤੀ ਗੰਭੀਰ ਜ਼ਿਆਦਾ ਹੋਣ।

ਮਾਇਆਵਤੀ ਨੇ ਕਿਹਾ ਕਿ ਦੇਸ਼ ਵਿੱਚ ਅਜੇ ਵੀ ਹਰ ਜਗ੍ਹਾ ਲੱਖਾਂ ਗਰੀਬ ਪ੍ਰਵਾਸੀ ਮਜ਼ਦੂਰ ਪਰਿਵਾਰਾਂ ਦੀ ਬਰਬਾਦੀ, ਬਦਹਾਲੀ ਤੇ ਭੁੱਖ-ਪਿਆਸ ਆਦਿ ਦੀਆਂ ਤਸਵੀਰਾਂ ਮਨੁੱਖਤਾ ਨੂੰ ਸ਼ਰਮਸਾਰ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਦੇ ਨਾਲ-ਨਾਲ ਇਨਸਾਨੀਅਤ ਦਿਖਾਉਂਦੇ ਹੋਏ ਘਰ ਵਾਪਸੀ ਕਰ ਰਹੇ ਗਰੀਬ ਪ੍ਰਵਾਸੀ ਮਜ਼ਦੂਰ ਪਰਿਵਾਰਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਸਰਕਾਰੀ ਸ਼ਕਤੀ ਤੇ ਸੰਸਾਧਨ ਦਾ ਪੂਰਾ ਇਸਤੇਮਾਲ ਕਰੇ, ਕਿਉਂਕਿ ਦੇਸ਼ ਇਨ੍ਹਾਂ ਮਜ਼ਦੂਰਾਂ ਦੇ ਦਮ 'ਤੇ ਹੀ ਆਤਮ ਨਿਰਭਰ ਬਣੇਗਾ।

Comments

Leave a Reply


Advertisement