India

ਵਿਦੇਸ਼ ਤੋਂ ਆਉਣ ਵਾਲਿਆਂ ਨੂੰ ਰੱਖਿਆ ਜਾਵੇਗਾ ਕੁਆਰੰਟਾਈਨ ਸੈਂਟਰ, ਖੁਦ ਭਰਨਾ ਹੋਵੇਗਾ ਖਰਚ


Updated On: 2020-05-24 12:11:25 ਵਿਦੇਸ਼ ਤੋਂ ਆਉਣ ਵਾਲਿਆਂ ਨੂੰ ਰੱਖਿਆ ਜਾਵੇਗਾ ਕੁਆਰੰਟਾਈਨ ਸੈਂਟਰ, ਖੁਦ ਭਰਨਾ ਹੋਵੇਗਾ ਖਰਚ

ਵਿਦੇਸ਼ ਤੋਂ ਅੰਤਰ ਰਾਸ਼ਟਰੀ ਹਵਾਈ ਉਡਾਨਾਂ ਰਾਹੀਂ ਆਉਣ ਵਾਲੇ ਯਾਤਰੀਆਂ ਲਈ ਕੁਆਰੰਟਾਈਨ ਜ਼ਰੂਰੀ ਹੋਵੇਗਾ। ਇਸ ਸਬੰਧ 'ਚ ਕੇਂਦਰ ਸਰਕਾਰ ਨੇ ਇੱਕ ਗਾਈਡਲਾਈਨ ਜਾਰੀ ਕੀਤੀ ਹੈ, ਜਿਸਦੇ ਤਹਿਤ ਅੰਤਰ ਰਾਸ਼ਟਰੀ ਉਡਾਨਾਂ ਰਾਹੀਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ 14 ਦਿਨਾਂ ਲਈ ਕੁਆਰੰਟਾਈਨ 'ਚ ਰਹਿਣਾ ਹੋਵੇਗਾ। ਇਸ 'ਚ 7 ਦਿਨਾਂ ਲਈ ਉਨ੍ਹਾਂ ਨੂੰ ਸਰਕਾਰ ਵੱਲੋਂ ਬਣਾਏ ਗਏ ਕੁਆਰੰਟਾਈਨ ਸੈਂਟਰ 'ਚ ਰਹਿਣਾ ਹੋਵੇਗਾ, ਜਿਸਦਾ ਖਰਚ ਯਾਤਰੀ ਖੁਦ ਚੁੱਕਣਗੇ। ਇਸਦੇ ਬਾਅਦ ਅਗਲੇ 7 ਦਿਨਾਂ ਲਈ ਉਨ੍ਹਾਂ ਨੂੰ ਘਰ 'ਚ 'ਹੋਮ ਆਈਸੋਲੇਸ਼ਨ' 'ਚ ਰਹਿਣਾ ਹੋਵੇਗਾ।

ਖਬਰਾਂ ਮੁਤਾਬਕ ਅੰਤਰ ਰਾਸ਼ਟਰੀ ਫਲਾਈਟ 'ਚ ਬੋਰਡ ਕਰਨ ਤੋਂ ਪਹਿਲਾਂ ਯਾਤਰੀਆਂ ਨੂੰ ਹਲਫਨਾਮੇ 'ਚ ਇਹ ਦੱਸਣਾ ਹੋਵੇਗਾ ਕਿ ਉਹ ਸਰਕਾਰ ਦਾ ਨਿਰਦੇਸ਼ ਮੰਨਣ ਲਈ ਵਚਨਬੱਧ ਹਨ। ਇਸਦੇ ਨਾਲ ਹੀ ਸਾਰਿਆਂ ਦੇ ਮੋਬਾਈਲ 'ਤੇ 'ਆਰੋਗਯ ਸੇਤੂ ਐਪ' ਦਾ ਹੋਣਾ ਵੀ ਜ਼ਰੂਰੀ ਹੈ। ਐਸਿੰਪਟੋਮੇਟਿਕ ਯਾਤਰੀਆਂ ਨੂੰ ਮਾਸਕ ਤੇ ਹਾਈਜਿਨ ਦਾ ਖਿਆਲ ਰੱਖਦੇ ਹੋਏ ਯਾਤਰਾ ਕਰਨੀ ਹੋਵੇਗੀ।

ਗਾਈਡਲਾਈਨ 'ਚ ਕਿਹਾ ਗਿਆ ਹੈ ਕਿ ਯਾਤਰੀਆਂ ਦੀ ਜਾਂਚ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਪ੍ਰੋਟੋਕਾਲ ਦੇ ਹਿਸਾਬ ਨਾਲ ਕੀਤੀ ਜਾਵੇਗੀ। ਜੇਕਰ ਕੋਈ ਵਿਅਕਤੀ ਪਾਜ਼ੀਟਿਵ ਪਾਇਆ ਜਾਂਦਾ ਹੈ ਤਾਂ ਉਸਨੂੰ ਮੈਡੀਕਲ ਜਾਂਚ ਲਈ ਭੇਜਿਆ ਜਾਵੇਗਾ। ਜੇਕਰ ਕਿਸੇ ਵਿਅਕਤੀ ਨੂੰ ਮਾਈਲਡ ਕੇਸ ਮੰਨਿਆ ਗਿਆ ਹੈ ਤਾਂ ਉਸਨੂੰ ਹੋਮ ਆਈਸੋਲੇਸ਼ਨ ਜਾਂ ਕੋਵਿਡ ਕੇਅਰ ਸੈਂਟਰ ਆਈਸੋਲੇਸ਼ਨ 'ਚ ਭੇਜਿਆ ਜਾ ਸਕਦਾ ਹੈ।

ਜੇਕਰ ਕਿਸੇ ਵਿਅਕਤੀ 'ਚ ਪੂਰੇ ਲੱਛਣ ਦਿਖਾਈ ਦੇ ਰਹੇ ਹਨ ਤਾਂ ਉਸਨੂੰ ਕੋਵਿਡ-19 ਲਈ ਸਮਰਪਿਤ ਹਸਪਤਾਲ 'ਚ ਭੇਜਿਆ ਜਾਵੇਗਾ ਅਤੇ ਉਸੇ ਅਧਾਰ 'ਤੇ ਦੇਖਭਾਲ ਕੀਤੀ ਜਾਵੇਗੀ, ਪਰ ਜੇਕਰ ਕੋਈ ਵਿਅਕਤੀ ਨੈਗੇਟਿਵ ਪਾਇਆ ਜਾਂਦਾ ਹੈ ਤਾਂ ਉਸਨੂੰ ਖੁਦ 7 ਦਿਨਾਂ ਲਈ ਹੋਮ ਕੁਆਰੰਟਾਈਨ 'ਚ ਰਹਿਣ ਨੂੰ ਕਿਹਾ ਜਾਵੇਗਾ।

ਗਾਈਡਲਾਈਨ 'ਚ ਇਹ ਵੀ ਦੱਸਿਆ ਗਿਆ ਹੈ ਕਿ ਪ੍ਰੈਗਨੈਂਸੀ, ਪਰਿਵਾਰ 'ਚ ਕਿਸੇ ਦੀ ਮੌਤ, ਗੰਭੀਰ ਬਿਮਾਰੀ ਜਾਂ ਫਿਰ 10 ਸਾਲ ਤੋਂ ਛੋਟੇ ਬੱਚਿਆਂ ਦੇ ਮਾਤਾ-ਪਿਤਾ ਨੂੰ 14 ਦਿਨਾਂ ਦੇ ਹੋਮ ਆਈਸੋਲੇਸ਼ਨ 'ਚ ਰਹਿਣ ਦੀ ਸ਼ਰਤ ਦੇ ਨਾਲ ਕੁਆਰੰਟਾਈਨ ਸੈਂਟਰ 'ਚ ਰਹਿਣ ਦੀ ਸ਼ਰਤ ਤੋਂ ਮੁਕਤੀ ਦਿੱਤੀ ਜਾ ਸਕਦੀ ਹੈ। ਹਾਲਾਂਕਿ ਸਾਰਿਆਂ ਲਈ ਆਪਣੇ ਫੋਨ 'ਚ ਆਰੋਗਯ ਸੇਤੂ ਐਪ ਰੱੱਖਣਾ ਜ਼ਰੂਰੀ ਹੋਵੇਗਾ।

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਾਈਡਲਾਈਨ ਮੁਤਾਬਕ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਨੂੰ 7 ਦਿਨਾਂ ਲਈ ਸਰਕਾਰ ਵੱਲੋਂ ਬਣਾਏ ਕੁਆਰੰਟਾਈਨ ਸੈਂਟਰ 'ਚ ਰਹਿਣਾ ਹੋਵੇਗਾ ਤੇ ਉਸਦਾ ਖਰਚਾ ਵੀ ਖੁਦ ਹੀ ਚੁੱਕਣਾ ਪਵੇਗਾ। ਅਜਿਹੇ 'ਚ ਅਰਬ ਦੇਸ਼ਾਂ ਤੋਂ ਆਉਣ ਵਾਲੇ ਉਨ੍ਹਾਂ ਲੋਕਾਂ ਲਈ ਪਰੇਸ਼ਾਨੀ ਖੜੀ ਹੋ ਸਕਦੀ ਹੈ, ਜਿਨ੍ਹਾਂ ਦੀ ਆਰਥਿਕ ਹਾਲਤ ਠੀਕ ਨਹੀਂ ਹੈ ਤੇ ਰੁਜ਼ਗਾਰ ਖੋਹ ਹੋ ਜਾਣ ਕਰਕੇ ਉਹ ਮਜਬੂਰੀ 'ਚ ਵਾਪਸੀ ਕਰ ਰਹੇ ਹਨ। ਅਜਿਹੇ ਕਈ ਲੋਕਾਂ ਵੱਲੋਂ ਇਹ ਸ਼ਿਕਾਇਤਾਂ ਆ ਰਹੀਆਂ ਹਨ ਕਿ ਉਨ੍ਹਾਂ ਕੋਲ ਪਹਿਲਾਂ ਹੀ ਪੈਸੇ ਨਹੀਂ ਹਨ। ਇਨ੍ਹਾਂ ਹਾਲਾਤ 'ਚ ਉਹ ਕੁਆਰੰਟਾਈਨ ਸੈਂਟਰਾਂ ਦੇ ਖਰਚ ਦਾ ਭੁਗਤਾਨ ਕਿਸ ਤਰ੍ਹਾਂ ਕਰਨਗੇ?

Comments

Leave a Reply


Advertisement