India

ਯੂਪੀ ਪੰਚਾਇਤ ਚੋਣਾਂ ’ਚ ਬਸਪਾ ਦੀ ਸ਼ਾਨਦਾਰ ਜਿੱਤ, ਭਾਜਪਾ ਨੂੰ ਪਿੱਛੇ ਛੱਡਿਆ


Updated On: 2021-05-08 02:06:58 ਯੂਪੀ ਪੰਚਾਇਤ ਚੋਣਾਂ ’ਚ ਬਸਪਾ ਦੀ ਸ਼ਾਨਦਾਰ ਜਿੱਤ, ਭਾਜਪਾ ਨੂੰ ਪਿੱਛੇ ਛੱਡਿਆ

ਉੱਤਰ ਪ੍ਰਦੇਸ਼ (ਯੂਪੀ) ’ਚ ਸਾਲ 2022 ਦੀ ਸ਼ੁਰੂਆਤ ’ਚ ਵਿਧਾਨਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਹਾਲ ਹੀ ’ਚ ਹੋਈਆਂ ਪੰਚਾਇਤ ਚੋਣਾਂ ’ਚ ਬਸਪਾ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਯੂਪੀ ਸੱਤਾ ਦੇ ਸੈਮੀਫਾਈਨਲ ਵੱਜੋਂ ਦੇਖੀਆਂ ਜਾ ਰਹੀਆਂ ਇਨ੍ਹਾਂ ਚੋਣਾਂ ’ਚ ਬਸਪਾ ਨੇ ਭਾਜਪਾ ਤੇ ਸਪਾ ਨੂੰ ਪਿੱਛੇ ਛੱਡਦੇ ਹੋਏ ਸਭ ਤੋਂ ਵੱਧ ਸੀਟਾਂ ਜਿੱਤੀਆਂ ਹਨ।

ਯੂਪੀ ’ਚ ਕਰੀਬ 3 ਹਜ਼ਾਰ ਸੀਟਾਂ ’ਤੇ ਹੋਈਆਂ ਪੰਚਾਇਤ ਚੋਣਾਂ ’ਚ ਭਾਜਪਾ ਦੇ ਸਮਰਥਨ ਵਾਲੇ 750, ਸਪਾ ਦੇ 760 ਉਮੀਦਵਾਰ ਜਿੱਤੇ ਹਨ। ਦੂਜੇ ਪਾਸੇ ਖਬਰਾਂ ਮੁਤਾਬਕ ਬਸਪਾ ਦੇ ਚੋਣ ਨਿਸ਼ਾਨ ’ਤੇ 381 ਅਤੇ ਉਸਦੇ ਸਮਰਥਨ ਨਾਲ 541, ਮਤਲਬ ਕਿ ਕੁੱਲ ਮਿਲਾ ਕੇ ਬਸਪਾ ਦੇ 922 ਉਮੀਦਵਾਰ ਜੇਤੂ ਰਹੇ ਹਨ। ਇਸ ਤਰ੍ਹਾਂ ਬਸਪਾ ਯੂਪੀ ਦੀਆਂ ਪੰਚਾਇਤ ਚੋਣਾਂ ’ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। 2022 ਦੀਆਂ ਯੂਪੀ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਆਏ ਇਨ੍ਹਾਂ ਚੋਣ ਨਤੀਜਿਆਂ ਨੇ ਬਸਪਾ ਵਰਕਰਾਂ ’ਚ ਨਵਾਂ ਜੋਸ਼ ਭਰ ਦਿੱਤਾ ਹੈ।

ਇਸ ਸਬੰਧੀ ਮੀਡੀਆ ਨੂੰ ਜਾਰੀ ਬਿਆਨ ’ਚ ਬਸਪਾ ਮੁਖੀ ਕੁਮਾਰੀ ਮਾਇਆਵਤੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਪੰਚਾਇਤ ਚੋਣਾਂ ’ਚ ਸੱਤਾ ਤੇ ਸਰਕਾਰੀ ਮਸ਼ੀਨਰੀ ਦੀ ਭਾਰੀ ਦੁਰਵਰਤੋਂ ਤੇ ਵਿਰੋਧੀ ਪਾਰਟੀਆਂ ਵੱਲੋਂ ਪੈਸੇ ਦੀ ਖੁੱਲ ਕੇ ਵਰਤੋਂ ਕਰਨ ਦੇ ਬਾਵਜੂਦ ਬਹੁਜਨ ਸਮਾਜ ਪਾਰਟੀ ਨੇ ਕਰੀਬ ਪੂਰੇ ਸੂਬੇ ’ਚ ਜੋ ਨਤੀਜੇ ਪੇਸ਼ ਕੀਤੇ ਹਨ, ਉਹ ਬਹੁਤ ਜ਼ਿਆਦਾ ਉਤਸਾਹਜਨਕ ਹਨ। ਇਨ੍ਹਾਂ ਚੋਣ ਨਤੀਜਿਆਂ ਨੇ ਯੂਪੀ ਵਿਧਾਨਸਭਾ ਚੋਣਾਂ ਲਈ ਲੋਕਾਂ ’ਚ ਨਵੀਂ ਉਰਜਾ, ਜੋਸ਼ ਭਰਨ ਦੇ ਨਾਲ-ਨਾਲ ਉਨ੍ਹਾਂ ਦੇ ਹੌਸਲੇ ਬੁਲੰਦ ਕੀਤੇ ਹਨ।

ਕੁਮਾਰੀ ਮਾਇਆਵਤੀ ਨੇ ਇਨ੍ਹਾਂ ਸ਼ਾਨਦਾਰ ਚੋਣ ਨਤੀਜਿਆਂ ਲਈ ਸੂਬੇ ਦੀ ਜਨਤਾ ਦਾ ਧੰਨਵਾਦ ਕੀਤਾ ਹੈ ਤੇ ਪਾਰਟੀ ਵਰਕਰਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਚੋਣਾਂ ’ਚ ਜਿੰਨੇ ਵੀ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ, ਉਨ੍ਹਾਂ ’ਚੋਂ ਜ਼ਿਆਦਾਤਰ ਅਸਲ ’ਚ ਬਸਪਾ ਨਾਲ ਹੀ ਜੁੜੇ ਹੋਏ ਹਨ, ਜਿਨ੍ਹਾਂ ਨੇ ਖਾਸ ਤੌਰ ’ਤੇ ਰਾਖਵੀਆਂ ਸੀਟਾਂ ’ਤੇ ਆਮ ਸਹਿਮਤੀ ਨਾ ਬਣ ਪਾਉਣ ਕਰਕੇ ਆਪਣੇ-ਆਪਣੇ ਦਮ ’ਤੇ ਚੋਣ ਲੜ ਕੇ ਜਿੱਤ ਪ੍ਰਾਪਤ ਕੀਤੀ ਹੈ।

Comments

Leave a Reply


Advertisement