India

ਲਾਕਡਾਊਨ ਦੌਰਾਨ ਮਹਾਰਾਸ਼ਟਰ 'ਚ ਭਿਆਨਕ ਹਾਦਸਾ, ਪੈਦਲ ਘਰ ਜਾ ਰਹੇ 16 ਮਜ਼ਦੂਰਾਂ ਉਪਰੋਂ ਲੰਘੀ ਟ੍ਰੇਨ


Updated On: 2020-05-08 05:40:12 ਲਾਕਡਾਊਨ ਦੌਰਾਨ ਮਹਾਰਾਸ਼ਟਰ 'ਚ ਭਿਆਨਕ ਹਾਦਸਾ, ਪੈਦਲ ਘਰ ਜਾ ਰਹੇ 16 ਮਜ਼ਦੂਰਾਂ ਉਪਰੋਂ ਲੰਘੀ ਟ੍ਰੇਨ

ਮਹਾਰਾਸ਼ਟਰ ਦੇ ਔਰੰਗਾਬਾਦ 'ਚ 16 ਪ੍ਰਵਾਸੀ ਮਜ਼ਦੂਰ ਬੇਮੌਤ ਮਾਰੇ ਗਏ। ਲਾਕਡਾਊਨ ਕਰਕੇ ਰੁਜ਼ਗਾਰ ਬੰਦ ਹੋ ਜਾਣ ਤੋਂ ਬਾਅਦ ਇਹ ਮਜ਼ਦੂਰ ਪੈਦਲ ਰੇਲ ਦੀਆਂ ਪਟਰੀਆਂ ਦੇ ਨਾਲ-ਨਾਲ ਮੱਧ ਪ੍ਰਦੇਸ਼ ਵਿਖੇ ਆਪਣੇ ਘਰਾਂ ਵੱਲ ਜਾ ਰਹੇ ਸਨ। ਇਸ ਦੌਰਾਨ ਥੱਕ ਜਾਣ ਕਾਰਨ ਇਹ ਰੇਲ ਪਟਰੀ 'ਤੇ ਹੀ ਆਰਾਮ ਕਰਨ ਲੱਗ ਗਏ।

ਪੈਦਲ ਚੱਲ-ਚੱਲ ਕੇ ਜ਼ਿਆਦਾ ਥਕਾਵਟ ਹੋਣ ਕਾਰਨ ਇਨ੍ਹਾਂ ਦੀ ਅੱਖ ਲੱਗ ਗਈ। 8 ਮਈ ਨੂੰ ਸਵੇਰੇ ਕਰੀਬ ਸਵਾ 5 ਵਜੇ ਟ੍ਰੇਨ ਇਨ੍ਹਾਂ ਸੁੱਤੇ ਹੋਏ ਮਜ਼ਦੂਰਾਂ ਦੇ ਉਪਰੋਂ ਲੰਘ ਗਈ। ਇਸ ਦੌਰਾਨ 16 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਕੁਝ ਹੋਰ ਮਜ਼ਦੂਰ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ।

ਖਬਰਾਂ ਮੁਤਾਬਕ ਇਹ ਘਟਨਾ ਬਦਨੌਰ ਤੇ ਕਰਮਡ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਹੋਈ। ਇਹ ਮਜ਼ਦੂਰ ਮਹਾਰਾਸ਼ਟਰ ਦੇ ਜਲਨਾ ਖੇਤਰ ਤੋਂ ਮੱਧ ਪ੍ਰਦੇਸ਼ ਵੱਲ ਜਾ ਰਹੇ ਸਨ। ਟਾਈਮਸ ਆਫ ਇੰਡੀਆ ਦੀ ਖਬਰ ਮੁਤਾਬਕ ਪ੍ਰਵਾਸੀ ਮਜ਼ਦੂਰ ਔਰੰਗਾਬਾਦ ਰੇਲਵੇ ਸਟੇਸ਼ਨ ਵੱਲ ਜਾ ਰਹੇ ਸਨ, ਤਾਂਕਿ ਉਹ ਉਥੋਂ ਆਪਣੇ ਸੂਬੇ ਮੱਧ ਪ੍ਰਦੇਸ਼ ਲਈ ਟ੍ਰੇਨ 'ਚ ਬੈਠ ਕੇ ਪਹੁੰਚ ਸਕਣ।

ਉਨ੍ਹਾਂ ਨੂੰ ਡਰ ਸੀ ਕਿ ਜੇਕਰ ਉਹ ਪੈਦਲ ਹੀ ਹਾਈਵੇ ਰਾਹੀਂ ਜਾਣਗੇ ਤਾਂ ਰਾਹ ਵਿੱਚ ਖੜੀ ਪੁਲਸ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਵੇਗੀ। ਇਸੇ ਲਈ ਉਨ੍ਹਾਂ ਨੇ ਰੇਲਵੇ ਲਾਈਨਾਂ ਦੇ ਨਾਲ-ਨਾਲ ਪੈਦਲ ਹੀ ਔਰੰਗਾਬਾਦ ਰੇਲਵੇ ਸਟੇਸ਼ਨ ਤੱਕ ਜਾਣ ਦਾ ਫੈਸਲਾ ਲਿਆ ਸੀ। ਇਨ੍ਹਾਂ ਮਜ਼ਦੂਰਾਂ ਨੇ ਤੁਰ ਕੇ 35 ਕਿਲੋਮੀਟਰ ਦਾ ਸਫਰ ਕਿਸੇ ਤਰ੍ਹਾਂ ਤੈਅ ਕੀਤਾ। ਥੱਕ ਜਾਣ ਕਰਕੇ ਉਨ੍ਹਾਂ ਨੇ ਰਾਤ ਦੇ ਸਮੇਂ ਪਟਰੀ 'ਤੇ ਹੀ ਆਰਾਮ ਕਰਨ ਦਾ ਫੈਸਲਾ ਕੀਤਾ, ਜਿੱਥੇ ਉਨ੍ਹਾਂ ਨੂੰ ਨੀਂਦ ਆ ਗਈ ਤੇ ਉਹ ਰੇਲ ਪਟਰੀ ਤੋਂ ਸਵੇਰੇ ਸਵਾ 5 ਵਜੇ ਲੰਘਣ ਵਾਲੀ ਟ੍ਰੇਨ ਦੀ ਚਪੇਟ 'ਚ ਆ ਗਏ। ਇਹ ਲੋਕ ਰੁਜ਼ਗਾਰ ਲਈ ਮੱਧ ਪ੍ਰਦੇਸ਼ ਤੋਂ ਮਹਾਰਾਸ਼ਟਰ ਆਏ ਸਨ।

ਲਾਕਡਾਊਨ ਤੋਂ ਬਾਅਦ ਨਾ ਇਨ੍ਹਾਂ ਕੋਲ ਰੁਜ਼ਗਾਰ ਰਿਹਾ ਤੇ ਨਾ ਹੀ ਜ਼ਿੰਦਗੀ। ਲਾਕਡਾਊਨ ਦੌਰਾਨ ਭੁੱਖ ਨਾਲ ਤੜਫਦੇ, ਘਰਾਂ ਵੱਲ ਪੈਦਲ ਚੱਲ-ਚੱਲ ਕੇ ਮਰਦੇ ਮਜ਼ਦੂਰਾਂ ਦੇ ਹਾਲਾਤ ਸਰਕਾਰੀ ਵਿਵਸਥਾ 'ਤੇ ਗੰਭੀਰ ਸਵਾਲ ਖੜੇ ਕਰ ਰਹੇ ਹਨ।

Comments

Leave a Reply


Advertisement