Article

ਪੰਜਾਬ 'ਚ ਕੋਰੋਨਾ ਦੇ ਵਧਦੇ ਮਰੀਜ਼ ਤੇ ਵੈਂਟੀਲੇਟਰ ਸਿਰਫ 426


Updated On: 2020-05-01 05:37:56 ਪੰਜਾਬ 'ਚ ਕੋਰੋਨਾ ਦੇ ਵਧਦੇ ਮਰੀਜ਼ ਤੇ ਵੈਂਟੀਲੇਟਰ ਸਿਰਫ 426

ਚੰਗੀ ਸਿਹਤ ਵਿਵਸਥਾ ਇਨਸਾਨੀ ਜ਼ਿੰਦਗੀ ਦੀ ਲਾਈਫ ਲਾਈਨ ਮੰਨੀ ਜਾਂਦੀ ਹੈ, ਪਰ ਪੰਜਾਬ ਦੀ ਇਹ ਬਦਕਿਸਮਤੀ ਰਹੀ ਹੈ ਕਿ ਇੱਥੇ ਸਿਹਤ ਵਿਵਸਥਾ ਦੀ ਸਿਹਤ ਖੁਦ ਵਿਗੜੀ ਹੋਈ ਨਜ਼ਰ ਆਉਂਦੀ ਹੈ। ਇਨ੍ਹਾਂ ਦਿਨੀਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਜਿਸ 'ਚ ਇੱਕ ਸਰਕਾਰੀ ਐਂਬੂਲੈਂਸ ਕੋਰੋਨਾ ਦੇ ਮਰੀਜ਼ ਨੌਜਵਾਨ ਤੇ ਉਸਦੇ ਪਿਤਾ ਨੂੰ ਹਸਪਤਾਲ ਲੈ ਜਾਣ ਲਈ ਉਨ੍ਹਾਂ ਦੇ ਘਰ ਪਹੁੰਚਦੀ ਹੈ। ਐਂਬੂਲੈਂਸ ਦੀ ਬਦਹਾਲੀ ਦੇਖ ਕੇ ਤਰਨਤਾਰਨ ਦਾ ਰਹਿਣ ਵਾਲਾ ਕੋਰੋਨਾ ਪੀੜਤ ਮਰੀਜ਼ ਉਸ 'ਚ ਬੈਠਣ ਤੋਂ ਇਨਕਾਰ ਕਰ ਦਿੰਦਾ ਹੈ। ਐਂਬੂਲੈਂਸ 'ਚ ਐਮਰਜੈਂਸੀ ਵੇਲੇ ਵਰਤੇ ਜਾਣ ਵਾਲੇ ਉਪਕਰਨ ਤਾਂ ਦੂਰ ਦੀ ਗੱਲ, ਉਸ 'ਚ ਬੈਠਣ ਲਈ ਸੀਟਾਂ ਵੀ ਮਿੱਟੀ ਨਾਲ ਭਰੀਆਂ ਹੋਈ ਹੁੰਦੀਆਂ ਹਨ। ਇਹ ਤਸਵੀਰ ਪੰਜਾਬ ਦੇ ਹੈਲਥ ਸਿਸਟਮ ਦੀ ਬਦਹਾਲੀ ਦੀ ਕਹਾਣੀ ਨੂੰ ਬਿਆਨ ਕਰਦੀ ਹੈ।
ਉਂਜ ਤਾਂ ਪੰਜਾਬ ਦੇ ਸਰਕਾਰੀ ਹਸਪਤਾਲਾਂ-ਡਿਸਪੈਂਸਰੀਆਂ ਦੀ ਬਦਹਾਲੀ ਪਹਿਲਾਂ ਤੋਂ ਹੀ ਕਿਸੇ ਤੋਂ ਲੁਕੀ ਹੋਈ ਨਹੀਂ ਹੈ, ਪਰ ਕੋਰੋਨਾ ਮਹਾਮਾਰੀ ਦੇ ਸੰਕਟ ਨੇ ਇਸਦੀ ਪੂਰੀ ਤਸਵੀਰ ਸਾਹਮਣੇ ਲਿਆ ਦਿੱਤੀ ਹੈ। ਸਰਕਾਰੀ ਹਸਪਤਾਲਾਂ 'ਚ ਐਨ-95 ਮਾਸਕ ਦੀ ਘਾਟ, ਮੈਡੀਕਲ ਸਟਾਫ ਨੂੰ ਪੀਪੀਈ ਕਿੱਟਾਂ ਨਾ ਉਪਲਬਧ ਹੋਣ ਤੇ ਸੈਨੀਟਾਈਜ਼ਰ ਦੀ ਕਮੀ ਵਰਗੀਆਂ ਕਈ ਸ਼ਿਕਾਇਤਾਂ ਬੀਤੇ ਦਿਨਾਂ ਤੋਂ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਹਨ।
ਇਸ ਤੋਂ ਵੀ ਵੱਡੀ ਸਮੱਸਿਆ ਇਹ ਹੈ ਕਿ ਕੋਰੋਨਾ ਤੋਂ ਪੀੜਤ ਮਰੀਜ਼ ਦੀ ਹਾਲਤ ਖਰਾਬ ਹੋਣ ਵੇਲੇ ਉਸਦੀ ਜਾਨ ਬਚਾਉਣ ਲਈ ਜਿਹੜਾ ਵੈਂਟੀਲੇਟਰ ਜੀਵਨ ਰੱਖਿਅਕ ਦੀ ਭੂਮਿਕਾ ਨਿਭਾਉਂਦਾ ਹੈ, ਉਸਦੀ ਸੂਬੇ 'ਚ ਭਾਰੀ ਘਾਟ ਹੈ।
'ਅਜੀਤ' ਅਖਬਾਰ ਦੀ ਖਬਰ ਮੁਤਾਬਕ ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ 104 ਅਤੇ ਨਿੱਜੀ ਹਸਪਤਾਲਾਂ 'ਚ 322 ਵੈਂਟੀਲੇਟਰਾਂ ਦਾ ਹੀ ਪ੍ਰਬੰਧ ਹੈ। ਸੂਬੇ 'ਚ ਜੇਕਰ ਇਸੇ ਤਰ੍ਹਾਂ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ ਹਜ਼ਾਰਾਂ 'ਚ ਪਹੁੰਚ ਜਾਂਦੀ ਹੈ ਤਾਂ ਉਨ੍ਹਾਂ ਦੀ ਗੰਭੀਰ ਸਥਿਤੀ 'ਚ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਉਸ ਸਮੇਂ ਹਾਲਾਤ ਕੀ ਹੋਣਗੇ।
ਖਬਰ ਮੁਤਾਬਕ ਸੂਬੇ ਦੇ ਕਿਸੇ ਸਰਕਾਰੀ ਹਸਪਤਾਲ 'ਚ ਸੀਟੀ ਸਕੈਨ, ਐਮਆਰਆਈ ਜਾਂ ਕੋਈ ਡਾਇਗਨਾਸਟਿਕ ਸੈਂਟਰ ਮੌਜ਼ੂਦ ਨਹੀਂ ਹੈ। ਇਸ ਮੰਤਵ ਲਈ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਦਾ ਰੁਖ਼ ਕਰਨਾ ਪੈਂਦਾ ਹੈ, ਜਿੱਥੇ ਉਨ੍ਹਾਂ ਤੋਂ ਮੋਟੀ ਰਕਮ ਵਸੂਲੀ ਜਾਂਦੀ ਹੈ।
ਖਬਰ ਅਨੁਸਾਰ ਪੰਜਾਬ ਕੋਲ ਅੱਧੀ ਦਰਜਨ ਥਾਵਾਂ 'ਤੇ ਅਲਟਰਾਸਾਊਂਡ ਮਸ਼ੀਨਾਂ ਦਾ ਪ੍ਰਬੰਧ ਹੈ, ਪਰ ਉਹ ਵੀ ਨਹੀਂ ਚੱਲ ਰਹੀਆਂ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਸੂਬੇ 'ਚ ਰੇਡੀਆਲੋਜਿਸਟ ਦੀਆਂ 66 ਅਸਾਮੀਆਂ 'ਚੋਂ ਸਿਰਫ 12 ਟੈਕਨੀਸ਼ੀਅਨ ਹੀ ਕੰਮ ਕਰ ਰਹੇ ਹਨ।
ਪੰਜਾਬ 'ਚ ਸਿਹਤ ਵਿਵਸਥਾ ਦੀ ਇਹ ਬਦਹਾਲੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ। ਸੂਬੇ ਦੀ ਸੱਤਾ 'ਤੇ ਕਾਂਗਰਸ ਤੇ ਅਕਾਲੀ-ਭਾਜਪਾ ਲੰਮੇ ਸਮੇਂ ਤੋਂ ਕਾਬਿਜ਼ ਹੁੰਦੇ ਆ ਰਹੇ ਹਨ, ਪਰ ਲੋਕਾਂ ਨੂੰ ਚੰਗੀ ਸਿਹਤ ਵਿਵਸਥਾ ਦੇਣ 'ਚ ਇਹ ਫੇਲ੍ਹ ਸਾਬਿਤ ਹੋਈਆਂ ਹਨ।
ਸਰਕਾਰੀ ਹਸਪਤਾਲਾਂ 'ਚ ਮੈਡੀਕਲ ਸਟਾਫ ਦੀ ਕਮੀ, ਕੱਚੇ ਮੁਲਾਜ਼ਮਾਂ ਨੂੰ ਪੱਕਾ ਨਾ ਕੀਤੇ ਜਾਣ, ਮੈਡੀਕਲ ਸਟਾਫ ਨੂੰ ਯੋਗ ਤਨਖਾਹਾਂ ਨਾ ਮਿਲਣ, ਸਰਕਾਰੀ ਹਸਪਤਾਲਾਂ 'ਚ ਮੁਫਤ ਮਿਲਣ ਵਾਲੀਆਂ ਦਵਾਈਆਂ ਦੀ ਘਾਟ, ਮਰੀਜ਼ਾਂ ਦੀ ਜਾਂਚ ਜਾਂ ਇਲਾਜ 'ਚ ਵਰਤੀ ਜਾਣ ਵਾਲੀ ਮਸ਼ੀਨਰੀ ਦੀ ਕਮੀ ਆਦਿ ਅਜਿਹੀਆਂ ਸਮੱਸਿਆਵਾਂ ਹਨ, ਜਿਨ੍ਹਾਂ ਨੂੰ ਸੂਬੇ 'ਚ ਵਾਰੀ-ਵਾਰੀ ਬਣਨ ਵਾਲੀਆਂ ਕਾਂਗਰਸ ਜਾਂ ਅਕਾਲੀ-ਭਾਜਪਾ ਸਰਕਾਰਾਂ ਦੂਰ ਨਹੀਂ ਕਰ ਸਕੀਆਂ।
ਅਜਿਹੇ 'ਚ ਇਹ ਸਵਾਲ ਉਠਣੇ ਲਾਜ਼ਮੀ ਹਨ ਕਿ ਕੀ ਲੋਕਾਂ ਨੂੰ ਚੰਗਾ ਸਿਹਤ ਸਿਸਟਮ ਦੇਣਾ ਸਰਕਾਰਾਂ ਦੇ ਮੁੱਖ ਏਜੰਡੇ 'ਚ ਸ਼ਾਮਲ ਨਹੀਂ ਹੈ?

Comments

Leave a Reply


Advertisement