Article

21ਵੀਂ ਸਦੀ 'ਚ ਵੀ ਜ਼ੁਲਮ ਸਹਿੰਦੇ ਦਲਿਤ


Updated On: 2020-05-15 14:35:02 21ਵੀਂ ਸਦੀ 'ਚ ਵੀ ਜ਼ੁਲਮ ਸਹਿੰਦੇ ਦਲਿਤ

ਉਤਰ ਪ੍ਰਦੇਸ਼ ਦੇ ਅਯੋਧਿਆ ਦੇ ਪਿੰਡ ਕੋਰੋ ਰਾਘਵਪੁਰ ਦੇ ਰਹਿਣ ਵਾਲੇ ਦਲਿਤ ਬੱਬੂ ਰਾਮ ਦਾ 1 ਮਈ ਦੀ ਸਵੇਰ ਨੂੰ ਕਰੀਬ 9 ਵਜੇ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਲਾਕਡਾਊਨ ਦੌਰਾਨ ਹੱਤਿਆ ਕਰਨ ਦੇ 6 ਦੋਸ਼ੀ ਕਥਿਤ ਉਚ ਜਾਤੀ ਵਰਗ ਨਾਲ ਸਬੰਧਤ ਦੱਸੇ ਜਾਂਦੇ ਹਨ। ਕਿਹਾ ਜਾ ਰਿਹਾ ਹੈ ਕਿ ਬੱਬੂ ਦਾ ਕਥਿਤ ਉਚ ਜਾਤੀ ਨਾਲ ਸਬੰਧਤ ਕਪਿਲ ਤਿਵਾਰੀ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਦਲਿਤ ਪੱਖ ਦੇ ਲੋਕਾਂ ਮੁਤਾਬਕ ਕਪਿਲ ਤਿਵਾਰੀ ਤੇ ਉਸਦੇ ਸਾਥੀਆਂ ਨੂੰ ਇਹ ਬਰਦਾਸ਼ਤ ਨਹੀਂ ਹੋ ਰਿਹਾ ਸੀ ਕਿ ਕੋਈ ਦਲਿਤ ਉਨ੍ਹਾਂ ਦੇ ਬਰਾਬਰ ਖੜਾ ਹੋਵੇ। ਬੱਬੂ ਦੀ ਇਸ ਕਰਕੇ ਬੇਰਹਿਮੀ ਨਾਲ ਹੱਤਿਆ ਕੀਤੀ ਗਈ, ਤਾਂਕਿ ਅੱਗੇ ਤੋਂ ਕੋਈ ਦਲਿਤ ਉਨ੍ਹਾਂ ਸਾਹਮਣੇ ਸਿਰ ਚੁੱਕਣ ਦਾ ਹੌਸਲਾ ਨਾ ਕਰ ਸਕੇ।

ਯੂਪੀ 'ਚ ਅਜਿਹੀਆਂ ਘਟਨਾਵਾਂ ਆਮ ਜਿਹੀਆਂ ਹੋ ਗਈਆਂ ਹਨ। ਫਰਵਰੀ 2018 'ਚ ਇੱਥੇ ਦੇ ਇਲਾਹਾਬਾਦ 'ਚ ਭਾਜਪਾ ਆਗੂ ਦੇ ਰਿਸ਼ਤੇਦਾਰ ਨੇ ਸਾਥੀਆਂ ਸਮੇਤ ਇੱਕ ਦਲਿਤ ਵਿਦਿਆਰਥੀ ਦਲੀਪ ਸਰੋਜ ਦੀ ਇੱਟਾਂ ਮਾਰ-ਮਾਰ ਕੇ ਹੱਤਿਆ ਕਰ ਦਿੱਤੀ। ਮਈ 2017 'ਚ ਇਸੇ ਸੂਬੇ ਦੇ ਸ਼ੱਬੀਰਪੁਰ 'ਚ ਦਲਿਤਾਂ ਦੇ ਘਰ ਫੂਕਣ ਤੇ ਉਨ੍ਹਾਂ 'ਤੇ ਹਮਲੇ ਦੀ ਵੱਡੀ ਘਟਨਾ ਹੋਈ।

ਦਲਿਤਾਂ 'ਤੇ ਹੋਣ ਵਾਲੇ ਜ਼ੁਲਮ ਦੇ ਮਾਮਲਿਆਂ 'ਚ ਰਾਜਸਥਾਨ ਦਾ ਨੰਬਰ ਵੀ ਚੋਟੀ ਦੇ ਸੂਬਿਆਂ 'ਚ ਆਉਂਦਾ ਹੈ। 16 ਫਰਵਰੀ 2020 ਨੂੰ ਇਸੇ ਸੂਬੇ ਦੇ ਨਾਗੌਰ ਜ਼ਿਲ੍ਹੇ ਦੇ ਪਾਂਚੌੜੀ ਇਲਾਕੇ 'ਚ ਦੋ ਦਲਿਤ ਭਰਾਵਾਂ ਨੂੰ ਇੱਕ ਬਾਈਕ ਸਰਵਿਸ ਸੈਂਟਰ 'ਚ ਬੇਰਹਿਮੀ ਨਾਲ ਕੁੱਟਿਆ ਗਿਆ, ਜਿਸ ਤੋਂ ਬਾਅਦ ਇੱਕ ਨੌਜਵਾਨ ਦੇ ਪ੍ਰਾਈਵੇਟ ਪਾਰਟ 'ਚ ਪੈਟਰੋਲ ਲਗਾ ਕੇ ਪੇਚਕਸ ਪਾਇਆ ਗਿਆ। ਉਨ੍ਹਾਂ 'ਤੇ 500 ਰੁਪਏ ਚੋਰੀ ਕਰਨ ਦੇ ਦੋਸ਼ ਲਗਾ ਕੇ ਤਸ਼ੱਦਦ ਕੀਤੀ ਗਈ।

ਨਾਗੌਰ ਜ਼ਿਲ੍ਹੇ 'ਚ ਹੀ 14 ਮਈ 2015 ਨੂੰ ਪ੍ਰਭਾਵਸ਼ਾਲੀ ਕਥਿਤ ਉਚ ਜਾਤੀ ਦੇ 200 ਲੋਕਾਂ ਨੇ ਹਥਿਆਰਾਂ ਨਾਲ ਲੈਸ ਹੋ ਕੇ ਦਲਿਤ ਪਰਿਵਾਰ 'ਤੇ ਹਮਲਾ ਕੀਤਾ ਸੀ। ਇਸ ਦੌਰਾਨ 3 ਦਲਿਤਾਂ ਨੂੰ ਟ੍ਰੈਕਟਰ ਹੇਠਾਂ ਕੁਚਲ ਕੇ ਮਾਰ ਦਿੱਤਾ ਗਿਆ, ਜਦਕਿ ਬਾਕੀਆਂ ਨੂੰ ਗੰਭੀਰ ਤੌਰ 'ਤੇ ਜ਼ਖਮੀ ਕਰ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਪ੍ਰਭਾਵਸ਼ਾਲੀ ਲੋਕਾਂ ਨੇ ਇਸ ਦਲਿਤ ਪਰਿਵਾਰ ਦੀ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਸੀ। ਆਪਣੀ ਜ਼ਮੀਨ ਦਾ ਇਹ ਕੇਸ ਇਸ ਦਲਿਤ ਪਰਿਵਾਰ ਨੇ ਅਦਾਲਤ ਤੋਂ ਜਿੱਤ ਲਿਆ ਸੀ, ਜੋ ਕਿ ਪ੍ਰਭਾਵਸ਼ਾਲੀ ਲੋਕਾਂ ਨੂੰ ਬਰਦਾਸ਼ਤ ਨਹੀਂ ਹੋਇਆ।

ਗੁਜਰਾਤ 'ਚ ਵੀ ਦਲਿਤਾਂ 'ਤੇ ਜ਼ਿਆਦਤੀ ਦੇ ਮਾਮਲੇ ਕਿਸੇ ਤੋਂ ਲੁਕੇ ਨਹੀਂ ਹਨ। ਇੱਥੇ ਦੇ ਊਨਾ 'ਚ ਕਥਿਤ ਗਊ ਰੱਖਿਅਕਾਂ ਵੱਲੋਂ ਦਲਿਤਾਂ ਨੂੰ ਰਾਡਾਂ ਨਾਲ ਕੁੱਟੇ ਜਾ ਦਾ ਮਾਮਲਾ ਦੇਸ਼ ਭਰ ਵੱਡੇ ਰੋਸ ਨੂੰ ਜਨਮ ਦੇ ਚੁੱਕਾ ਹੈ। ਦਲਿਤਾਂ ਨਾਲ ਕੁੱਟਮਾਰ ਤੇ ਉਨ੍ਹਾਂ ਨਾਲ ਜਾਤੀ ਭੇਦਭਾਵ ਦੇ ਮਾਮਲੇ ਇੱਥੇ ਆਮ ਹਨ।

ਦਲਿਤਾਂ 'ਤੇ ਜ਼ੁਲਮ ਦੀ ਦਾਸਤਾਨ ਬਹੁਤ ਲੰਮੀ ਹੈ। ਐਨਸੀਆਰਬੀ, ਮਤਲਬ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜੇ ਇਸਦੀ ਗਵਾਹੀ ਭਰਦੇ ਹਨ। ਐਨਸੀਆਰਬੀ ਦੀ ਇੱਕ ਰਿਪੋਰਟ ਮੁਤਾਬਕ ਸਾਲ 2017 'ਚ ਦੇਸ਼ ਭਰ 'ਚ ਦਲਿਤਾਂ ਖਿਲਾਫ ਅੱਤਿਆਚਾਰ ਦੀਆਂ 43 ਹਜ਼ਾਰ ਤੋਂ ਵੱਧ ਘਟਨਾਵਾਂ ਹੋਈਆਂ।

ਇਨ੍ਹਾਂ ਵਿੱਚੋਂ 56 ਫੀਸਦੀ ਘਟਨਾਵਾਂ ਸਿਰਫ ਮੱਧ ਪ੍ਰਦੇਸ਼, ਉਤਰ ਪ੍ਰਦੇਸ਼ ਤੇ ਬਿਹਾਰ ਨਾਲ ਸਬੰਧਤ ਸਨ। ਉਤਰ ਪ੍ਰਦੇਸ਼ 'ਚ ਦਲਿਤਾਂ 'ਤੇ ਜ਼ੁਲਮ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋਇਆ ਹੈ। ਸਾਲ 2015 'ਚ ਇੱਥੇ ਦਲਿਤਾਂ 'ਤੇ ਹੋਣ ਵਾਲੀ ਹਿੰਸਾ ਦੇ 8,357, 2016 'ਚ 10,426 ਤੇ 2017 'ਚ 11,444 ਮਾਮਲੇ ਰਿਕਾਰਡ ਕੀਤੇ ਗਏ।

ਦੇਸ਼ 'ਚ ਦਲਿਤਾਂ ਖਿਲਾਫ ਹਿੰਸਾ ਦੀਆਂ ਅਜਿਹੀਆਂ ਘਟਨਾਵਾਂ ਆਮ ਹਨ। ਐਨਸੀਆਰਬੀ ਦੇ ਅੰਕੜਿਆਂ ਮੁਤਾਬਕ ਕੇਂਦਰ 'ਚ ਪਿਛਲੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੇ 2004 ਤੋਂ ਲੈ ਕੇ 2013 ਤੱਕ ਦੇ 10 ਸਾਲ ਦੇ ਸਮੇਂ ਦੌਰਾਨ ਦੇਸ਼ 'ਚ 6490 ਦਲਿਤਾਂ ਦੇ ਕਤਲ ਹੋਏ, 14,253 ਦਲਿਤ ਔਰਤਾਂ ਨੂੰ ਬੇਪਤ ਕੀਤਾ ਗਿਆ।

ਸਾਲ 2014 'ਚ ਕੇਂਦਰ 'ਚ ਮੋਦੀ ਸਰਕਾਰ ਬਣਨ ਤੋਂ ਬਾਅਦ ਇਨ੍ਹਾਂ ਘਟਨਾਵਾਂ 'ਚ ਕਾਫੀ ਵਾਧਾ ਹੋਇਆ ਹੈ। ਰੋਜ਼ਾਨਾ ਕਿਸੇ ਨਾ ਕਿਸੇ ਦਲਿਤ ਦੀ ਹੱਤਿਆ, ਦਲਿਤ ਮਹਿਲਾਵਾਂ ਨੂੰ ਬੇਪੱਤ ਕੀਤੇ ਜਾਣ, ਉਨ੍ਹਾਂ ਨੂੰ ਜਾਤੀ ਤੌਰ 'ਤੇ ਅਪਮਾਨਿਤ ਕੀਤੇ ਜਾਣ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਲੱਖ ਦਾਅਵਿਆਂ ਦੇ ਬਾਵਜੂਦ ਸਰਕਾਰ ਦਲਿਤਾਂ ਨੂੰ ਸੁਰੱਖਿਅਤ ਮਾਹੌਲ ਨਹੀਂ ਦੇ ਸਕੀ ਹਨ। ਦਲਿਤਾਂ 'ਤੇ ਹੋਣ ਵਾਲੇ ਜ਼ੁਲਮ ਨੂੰ ਰੋਕਣ ਲਈ ਸਰਕਾਰ ਦੇ ਪੱਧਰ 'ਤੇ ਸਖਤ ਕਦਮ ਚੁੱਕੇ ਜਾਣ ਦੀ ਲੋੜ ਹੈ, ਪਰ ਅਫਸੋਸ ਕਿ ਅਜਿਹਾ ਨਜ਼ਰ ਨਹੀਂ ਆ ਰਿਹਾ।

21ਵੀਂ ਸਦੀ ਦੇ ਭਾਰਤ 'ਚ ਵੀ ਡੂੰਘੀਆਂ ਜੜ੍ਹਾਂ ਜਮਾਈ ਬੈਠੇ ਜਾਤੀਵਾਦੀ ਸਿਸਟਮ 'ਚ ਦਲਿਤ ਪੀਹ ਹੋ ਰਿਹਾ ਹੈ। ਇਸ ਸਮਾਜ ਨੂੰ ਵਿਆਹ ਵੇਲੇ ਘੋੜੀ 'ਤੇ ਬੈਠਣ ਤੋਂ ਰੋਕ ਦਿੱਤਾ ਜਾਂਦਾ ਹੈ। ਜਨਤੱਕ ਖੂਹਾਂ-ਟੂਟੀਆਂ ਤੋਂ ਪਾਣੀ ਭਰਨ 'ਤੇ ਜ਼ਲੀਲ ਕੀਤਾ ਜਾਂਦਾ ਹੈ। ਮਾੜੀ ਜਿਹੀ ਗੱਲ ਤੋਂ ਇਨ੍ਹਾਂ ਦੇ ਕਤਲ ਕਰ ਦਿੱਤੇ ਜਾਂਦੇ ਹਨ। ਇਹ ਘਟਨਾਵਾਂ ਦਿਲ ਕੰਬਾ ਦੇਣ ਵਾਲੀਆਂ ਤਾਂ ਹੈ ਹੀ, ਨਾਲ ਹੀ ਇਹ ਸੋਚਣ ਲਈ ਵੀ ਮਜਬੂਰ ਕਰ ਰਹੀਆਂ ਹਨ ਕਿ ਸਾਡਾ ਸਮਾਜ ਆਖਰ ਕਦੋਂ ਇਸ ਅਣਮਨੁੱਖੀ ਵਿਵਸਥਾ ਤੋਂ ਮੁਕਤ ਹੋਵੇਗਾ?

Comments

Leave a Reply


Advertisement